IMD Alert : ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦਿਨ ਵੇਲੇ ਧੁੱਪ ਨਿਕਲਣ ਦੇ ਬਾਵਜੂਦ ਹਵਾ ਇੰਨੀ ਠੰਡੀ ਹੁੰਦੀ ਹੈ ਕਿ ਬਹੁਤ ਸਾਰੇ ਗਰਮ ਕੱਪੜੇ ਪਹਿਨ ਕੇ ਵੀ ਠੰਢ ਮਹਿਸੂਸ ਹੁੰਦੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਦਾ ਅਸਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ।



6 ਡਿਗਰੀ ਤੱਕ ਤਾਪਮਾਨ ਵਿੱਚ ਗਿਰਾਵਟ ਸੰਭਵ 



ਆਈਐਮਡੀ ਮੁਤਾਬਕ ਆਉਣ ਵਾਲੇ ਦੋ ਦਿਨਾਂ ਵਿੱਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ, ਜਿਸ ਕਾਰਨ ਤਾਪਮਾਨ ਵਿੱਚ 6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਅਜਿਹਾ ਹੀ ਕੁਝ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵੀ ਦੇਖਣ ਨੂੰ ਮਿਲੇਗਾ। ਇੱਥੇ ਤਾਪਮਾਨ ਵਿੱਚ ਅਚਾਨਕ ਗਿਰਾਵਟ ਆਵੇਗੀ, ਫਿਰ ਇਹ ਵਧਣਾ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਦੂਜੇ ਪਾਸੇ ਪੱਛਮੀ ਹਿਮਾਲੀਅਨ ਖੇਤਰ ਯਾਨੀ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਅੱਜ ਅਤੇ ਕੱਲ੍ਹ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਅਗਲੇ 72 ਘੰਟਿਆਂ 'ਚ ਮੌਸਮ ਵਧਾਏਗਾ ਪ੍ਰੇਸ਼ਾਨੀ 

 

ਸੌਖੇ ਸ਼ਬਦਾਂ ਵਿਚ ਦਿੱਲੀ-ਐਨਸੀਆਰ ਵਿਚ ਰਹਿਣ ਵਾਲੇ ਲੋਕਾਂ ਲਈ ਇਕ ਵਾਰ ਫਿਰ ਮੁਸ਼ਕਲਾਂ ਵਧਣ ਜਾ ਰਹੀਆਂ ਹਨ ਕਿਉਂਕਿ ਬਰਸਾਤ ਕਾਰਨ ਠੰਢ ਵਧ ਸਕਦੀ ਹੈ, ਜਿਸ ਦਾ ਸਿੱਧਾ ਅਸਰ ਜਨਜੀਵਨ 'ਤੇ ਪਵੇਗਾ। IMD ਨੇ ਸਪੱਸ਼ਟ ਕਿਹਾ ਹੈ ਕਿ ਸ਼ੀਤ ਲਹਿਰ 5 ਫਰਵਰੀ ਤੱਕ ਜਾਰੀ ਰਹਿ ਸਕਦੀ ਹੈ। ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਵਿਭਾਗ ਨੇ ਅਗਲੇ 72 ਘੰਟਿਆਂ ਵਿੱਚ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਅਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਭੋਪਾਲ ਕੇਂਦਰ ਦੀ ਸੀਨੀਅਰ ਵਿਗਿਆਨੀ ਮਮਤਾ ਯਾਦਵ ਨੇ ਕਿਹਾ, 'ਜਬਲਪੁਰ ਜ਼ਿਲ੍ਹੇ 'ਚ ਸਵੇਰੇ ਸੱਤ ਵਜੇ ਵਿਜ਼ੀਬਿਲਟੀ ਜ਼ੀਰੋ ਮੀਟਰ 'ਤੇ ਦਰਜ ਕੀਤੀ ਗਈ। ਇਸ ਦੇ ਨਾਲ ਹੀ ਸਵੇਰੇ 7.30 ਵਜੇ ਵਿਜ਼ੀਬਿਲਟੀ 50 ਮੀਟਰ ਅਤੇ ਸਵੇਰੇ 8.30 ਵਜੇ 300 ਮੀਟਰ ਦਰਜ ਕੀਤੀ ਗਈ। ਭੋਪਾਲ, ਉਜੈਨ, ਦਮੋਹ, ਬਾਲਾਘਾਟ ਦੇ ਮਾਲਾਜਖੰਡ ਖੇਤਰ, ਖਜੂਰਾਹੋ ਅਤੇ ਛੱਤਰਪੁਰ ਦੇ ਉਮਰੀਆ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਸਵੇਰੇ ਧੁੰਦ ਛਾਈ ਰਹੀ।

ਗਵਾਲੀਅਰ ਵਿੱਚ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ 


ਅਧਿਕਾਰੀ ਨੇ ਦੱਸਿਆ ਕਿ ਸੂਬੇ ਦਾ ਸਭ ਤੋਂ ਠੰਡਾ ਸਥਾਨ ਗਵਾਲੀਅਰ ਸੀ ,ਜਿੱਥੇ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਐਤਵਾਰ ਤੋਂ ਮੱਧ ਪ੍ਰਦੇਸ਼ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਸਕਦੀ ਹੈ, ਜਿਸ ਕਾਰਨ ਅਗਲੇ ਦੋ-ਤਿੰਨ ਦਿਨਾਂ ਤੱਕ ਹਲਕੀ ਬਾਰਿਸ਼ ਅਤੇ ਬੱਦਲਵਾਈ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੁਝ ਥਾਵਾਂ 'ਤੇ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਾਰਨ ਤਾਪਮਾਨ 'ਚ ਮਾਮੂਲੀ ਵਾਧਾ ਹੋਇਆ ਹੈ।