India Monsoon Update: ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਅੱਜ ਵੀ ਬਾਰਸ਼ ਜਾਰੀ ਰਹੇਗੀ। ਉੱਤਰ ਪ੍ਰਦੇਸ਼ ਦੇ ਪੂਰਬੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਸਥਾਨਾਂ 'ਤੇ ਹਲਕੀ ਤੋਂ ਮੱਧਮ ਬਾਰਸ਼ ਹੋਈ। ਸੂਬੇ ਦੇ ਵੱਖ-ਵੱਖ ਸਥਾਨਾਂ 'ਤੇ ਬਿਜਲੀ ਦੀ ਚਮਕ ਤੇ ਗਰਜ ਦੇ ਨਾਲ ਕਣੀਆਂ ਪਈਆਂ।
ਦਿੱਲੀ
ਆਈਐਮਡੀ ਨੇ ਕਿਹਾ ਕਿ ਐਤਵਾਰ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IMD ਨੇ ਦੱਸਿਆ ਐਤਵਾਰ ਸ਼ਾਮ ਸਾਢੇ ਪੰਜ ਵਜੇ ਤਕ ਪਿਛਲੇ 9 ਘੰਟਿਆਂ ਦੌਰਾਨ 15.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਭਾਰੀ ਬਾਰਸ਼ ਤੋਂ ਬਾਅਦ ਦਿੱਲੀ ਦੇ ਕਈ ਇਲਾਕਿਆਂ 'ਚ ਜਲ ਸੈਲਾਬ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਗਈ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ 'ਚ ਅਗਸਤ ਮਹੀਨੇ 'ਚ 95 ਤੋਂ 106 ਫੀਸਦ ਬਾਰਸ਼ ਹੋ ਸਕਦੀ ਹੈ।
ਪੰਜਾਬ, ਹਰਿਆਣਾ, ਚੰਡੀਗੜ੍ਹ
ਚੰਡੀਗੜ੍ਹ ਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਐਤਵਾਰ ਭਾਰੀ ਬਾਰਸ਼ ਤੋਂ ਬਾਅਦ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਚੰਡੀਗੜ੍ਹ ਤੋਂ ਇਲਾਵਾ ਇਸ ਦੇ ਗਵਾਂਢੀ ਪੰਜਾਬ ਦੇ ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ 'ਚ ਵੀ ਭਾਰੀ ਬਾਰਸ਼ ਹੋਈ। ਬਾਰਸ਼ ਤੋਂ ਬਾਅਦ ਸੜਕਾਂ ਤੇ ਕੁਝ ਦੇਰ ਤਕ ਪਾਣੀ ਭਰੇ ਰਹਿਣ ਦੀ ਵਜ੍ਹਾ ਨਾਲ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਗਤੀ ਹੌਲ਼ੀ ਕਰਨੀ ਪਈ।
ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਲੋਕ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਸਨ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਕਿ ਚੰਡੀਗੜ੍ਹ 'ਚ 30.2 ਮਿਮੀ ਬਾਰਸ਼ ਹੋਈ। ਅੰਬਾਲਾ 'ਚ 15 ਮਿਮੀ, ਅੰਮ੍ਰਿਤਸਰ ਤੇ ਲੁਧਿਆਣਾ 'ਚ ਕ੍ਰਮਵਾਰ ਦੋ ਮਿਮੀ ਤੇ ਇਕ ਮਿਮੀ ਬਾਰਸ਼ ਦਰਜ ਹੋਈ।
ਚੰਡੀਗੜ੍ਹ 'ਚ ਦਿਨ 'ਚ ਵੱਧ ਤੋਂ ਵੱਧ ਤਾਪਮਾਨ 34.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਅੰਬਾਲਾ 'ਚ ਸਭ ਤੋਂ ਜ਼ਿਆਦਾ 33.2 ਡਿਗਰੀ ਸੈਲਸੀਅਸ, ਕਰਨਾਲ 'ਚ 32.2 ਡਿਗਰੀ ਸੈਲਸੀਅਸ, ਰੋਹਤਕ 'ਚ 31.5 ਡਿਗਰੀ ਸੈਲਸੀਅਸ ਤੇ ਗੁੜਗਾਂਉ 'ਚ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਗੁਰਦਾਸਪੁਰ 'ਚ 33.5 ਡਿਗਰੀ ਸੈਲਸੀਅਸ, ਅੰਮ੍ਰਿਤਸਰ 'ਚ 35 ਡਿਗਰੀ. ਲੁਧਿਆਣਾ ਚ 33.4 ਡਿਗਰੀ ਤੇ ਪਟਿਆਲਾ 'ਚ 34.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।