ਬਰਨਾਲਾ: ਪੰਜਾਬ ਦੀਆਂ 32 ਜਥੇਬੰਦੀਆਂ 'ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 312ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।


ਅੱਜ ਬੁਲਾਰਿਆਂ ਨੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਬਾਰੇ ਛਪੀਆਂ ਖਬਰਾਂ ਦੇ ਹਵਾਲੇ ਨਾਲ ਕਿਹਾ ਕਿ ਕੋਈ ਵੀ ਸੰਗਠਨ ਅਨੁਸ਼ਾਸਨ ਬਗੈਰ ਨਹੀਂ ਚੱਲ ਸਕਦਾ। ਹਰ ਇੱਕ ਨੇਤਾ ਨੂੰ ਆਪਣੀ ਰਾਏ ਢੁੱਕਵੇਂ ਮੰਚ 'ਤੇ ਰੱਖਣ ਦਾ ਅਧਿਕਾਰ ਹੈ ਪਰ ਉਸ ਮੰਚ ਵੱਲੋਂ ਕੀਤੇ ਫੈਸਲਾ, ਚੜੂਨੀ ਸਮੇਤ ਸੰਗਠਨ ਦੇ ਹਰ ਮੈਂਬਰ ਨੂੰ ਮੰਨਣਾ ਪਵੇਗਾ। ਕਿਸਾਨ ਅੰਦੋਲਨ ਬਹੁਤ ਨਾਜ਼ਕ ਦੌਰ 'ਚੋਂ ਲੰਘ ਰਿਹਾ ਹੈ ਤੇ ਹਰ ਨੇਤਾ ਦਾ ਫਰਜ ਹੈ ਕਿ ਉਹ ਅਜਿਹੀ ਕੋਈ ਕਾਰਵਾਈ ਨਾ ਕਰੇ ਜਿਸ ਕਾਰਨ ਅੰਦੋਲਨ ਕਮਜ਼ੋਰ ਪਵੇ।

ਬੁਲਾਰਿਆਂ ਨੇ ਕਿਹਾ ਕਿ 9 ਅਗਸਤ 1942 ਦੇ ਦਿਨ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਬਰਤਾਨਵੀ ਹਾਕਮਾਂ ਨੂੰ  'ਅੰਗਰੇਜ਼ੋ ਭਾਰਤ ਛੱਡੋ' ਦਾ ਨਾਹਰਾ ਲਾ ਕੇ ਵੰਗਾਰਿਆ ਸੀ। ਉਨ੍ਹਾਂ ਕਿਹਾ ਕਿ ਸਾਮਰਾਜੀ ਲੁਟੇਰੇ ਭਾਵੇਂ ਜ਼ਾਹਰਾ ਤੌਰ 'ਤੇ ਇੱਥੋਂ ਚਲੇ ਗਏ ਪਰ ਦੇਸ਼ੀ ਭਾਈਵਾਲਾਂ ਸਹਾਰੇ ਆਪਣੀਆਂ ਲੁੱਟ-ਖਸੁੱਟ ਦੀਆਂ ਨੀਤੀਆਂ ਅਜੇ ਵੀ ਜਾਰੀ ਰੱਖੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਉਸੇ ਲੁੱਟ-ਖਸੁੱਟ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਹਨ। ਖੇਤੀ ਕਾਰੋਬਾਰ ਦੀ ਅਹਿਮੀਅਤ ਨੂੰ ਦੇਖਦੇ ਹੋਏ ਸਾਮਰਾਜੀ ਕੰਪਨੀਆਂ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਕਬਜਾ ਕਰਨ ਲਈ ਤਾਹੂ ਹਨ। ਜਿਵੇਂ 1942 'ਚ  ਨਾਹਰਾ ਬੁਲੰਦ ਕਰਕੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਲਲਕਾਰਿਆ ਸੀ ਉਸੇ ਤਰ੍ਹਾਂ ਕੱਲ੍ਹ 9 ਅਗੱਸਤ ਦਾ ਦਿਨ 'ਕਾਰਪੋਰੇਟੋ ਖੇਤੀ ਛੱਡੋ' ਦਿਵਸ ਵਜੋਂ ਮਨਾਇਆ ਜਾਵੇਗਾ।

ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਲੀਡਰਸ਼ਿਪ ਨੇ ਸ਼ਹੀਦ ਕਿਰਨਜੀਤ ਕੌਰ ਦੇ,12 ਅਗਸਤ ਨੂੰ ਮਹਿਲ ਕਲਾਂ ਵਿਖੇ ਹੋਣ ਵਾਲੇ  ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੋਇਆ ਹੈ। ਇਹ ਮੰਤਵ ਹਿੱਤ ਪਿੰਡਾਂ ਵਿੱਚ ਮੀਟਿੰਗਾਂ ਰਾਹੀਂ ਲਾਮਬੰਦੀ ਕੀਤੀ ਜਾ ਰਹੀ ਹੈ। ਉਸ ਦਿਨ ਧਰਨਾ ਮਹਿਲ ਕਲਾਂ ਤਬਦੀਲ ਕੀਤਾ ਜਾਵੇਗਾ ਤੇ ਮੋਰਚੇ ਦੇ ਮੈਂਬਰ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ।