Weather Forecast in India: ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਕੜਾਕੇ ਦੀ ਗਰਮੀ ਕਾਰਨ ਪ੍ਰੇਸ਼ਾਨ ਹਨ। ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਲੋਕ ਮੌਨਸੂਨ ਦੀ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ ਅਤੇ ਗੁਜਰਾਤ ਸੂਬੇ ਦੇ ਕੁਝ ਹਿੱਸਿਆਂ ਅਤੇ ਪੂਰੇ ਕੋਂਕਣ ਖੇਤਰ ਵਿੱਚ ਅੱਗੇ ਵਧਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਮੁੰਬਈ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੁੰਬਈ 'ਚ ਸੋਮਵਾਰ ਨੂੰ ਵੀ ਭਾਰੀ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਇਸ ਦੇ ਨਾਲ ਹੀ ਗੁਜਰਾਤ ਦੇ ਕੁਝ ਹਿੱਸਿਆਂ 'ਚ ਬਾਰਿਸ਼ ਸ਼ੁਰੂ ਹੋ ਗਈ ਹੈ। ਦਿੱਲੀ-ਐਨਸੀਆਰ ਵਿੱਚ ਜਲਦੀ ਹੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਦੱਖਣੀ ਮੱਧ ਪ੍ਰਦੇਸ਼, ਪੂਰੇ ਮੱਧ ਮਹਾਰਾਸ਼ਟਰ, ਮਰਾਠਵਾੜਾ, ਕਰਨਾਟਕ ਅਤੇ ਤਾਮਿਲਨਾਡੂ ਅਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਅਗਲੇ 48 ਘੰਟਿਆਂ ਦੌਰਾਨ ਆਂਧਰਾ ਪ੍ਰਦੇਸ਼, ਪੱਛਮੀ ਮੱਧ ਅਤੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ਦੇ ਹੋਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਦਿੱਲੀ-NCR 'ਚ ਕਿਸ ਤਰੀਕ ਨੂੰ ਦਸਤਕ ਦੇਵੇਗਾ ਮੌਨਸੂਨ?
ਦਿੱਲੀ-ਐਨਸੀਆਰ ਵਿੱਚ ਮੌਨਸੂਨ ਜਲਦੀ ਦਸਤਕ ਦੇਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਪਾਕਿਸਤਾਨ ਦੇ ਰਸਤੇ ਭਾਰਤ ਵਿੱਚ ਦਾਖਲ ਹੋਇਆ ਹੈ। ਇਸ ਕਾਰਨ 16-17 ਜੂਨ ਨੂੰ ਦਿੱਲੀ ਐਨਸੀਆਰ ਸਮੇਤ ਉੱਤਰ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਜਿਸ ਕਾਰਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2-3 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਤਾਪਮਾਨ 'ਚ ਗਿਰਾਵਟ ਕਾਰਨ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਮੌਨਸੂਨ ਆਪਣੀ ਤੈਅ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਹ 25-26 ਜੂਨ ਤੱਕ ਦਿੱਲੀ ਵਿੱਚ ਦਸਤਕ ਦੇਵੇਗਾ।
ਪੰਜਾਬ ‘ਚ ਮੌਸਮ ਦਾ ਹਾਲ
ਇਸ ਦੇ ਨਾਲ ਹੀ ਭਿਆਨਕ ਦੀ ਗਰਮੀ ਅਤੇ ਲੂ ਕਾਰਨ ਝੁਲਸ ਰਹੇ ਪੰਜਾਬ ਨੂੰ ਜਲਦ ਹੀ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੋਂ ਲੂ ਨਹੀਂ ਚਲੇਗੀ। 15 ਜੂਨ ਤੋਂ 18 ਜੂਨ ਤੱਕ ਸੂਬੇ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਨਾਲ ਦਿਨ ਦੇ ਤਾਪਮਾਨ ਵਿਚ ਚਾਰ ਤੋਂ ਪੰਜ ਡਿਗਰੀ ਦੀ ਗਿਰਾਵਟ ਆਵੇਗੀ।
ਦੂਜੇ ਪਾਸੇ ਪੰਜਾਬ ਵਿੱਚ 29 ਜੂਨ ਤੋਂ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 42 ਡਿਗਰੀ ਤੋਂ ਉਪਰ ਰਿਹਾ। ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 46.8 ਡਿਗਰੀ ਰਿਹਾ। ਗਰਮੀ ਕਾਰਨ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਵੀ ਸਾਹਮਣਾ ਕਰਨਾ ਪਿਆ।