ਰੋਮ (ਕੈਂਥ): ਇਟਲੀ ਸਰਕਾਰ ਵਿਦੇਸ਼ੀਆਂ 'ਤੇ ਮਿਹਰਬਾਨ ਹੋ ਰਹੀ ਹੈ ਅਤੇ ਉਸ ਨੇ ਨਵੇਂ ਸਾਲ ਮੌਕੇ 30,000 ਵਿਦੇਸ਼ੀ ਕਾਮਿਆਂ ਨੂੰ ਦੇਸ਼ ਅੰਦਰ ਬੁਲਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਭਾਰਤੀਆਂ ਦੇ ਭਾਗ ਵੀ ਖੁੱਲ੍ਹ ਸਕਦੇ ਹਨ। ਇਟਲੀ ਸਰਕਾਰ ਦੀ ਇਹ ਪੇਸ਼ਕਸ਼ ਉਨ੍ਹਾਂ ਕਾਮਿਆਂ ਲਈ ਹੈ, ਜਿਹੜੇ ਕੁਝ ਮਹੀਨੇ ਇਟਲੀ 'ਚ ਆ ਕੇ ਕੰਮ ਕਰਨਾ ਚਾਹੁੰਦੇ ਹਨ ਅਤੇ ਸਮਾਂ ਸੀਮਾ ਪੂਰਾ ਹੋਣ ਉਪਰੰਤ ਵਾਪਸ ਆਪਣੇ ਦੇਸ਼ ਪਰਤ ਜਾਣਗੇ।
ਜਿਹੜੇ ਲੋਕ ਪੱਕੇ ਤੌਰ 'ਤੇ ਇੱਥੇ ਕੰਮ ਕਰਨਾ ਚਾਹੁੰਦੇ ਹਨ ਜਾਂ ਜਿਹੜੇ ਲੋਕ ਪਹਿਲਾਂ ਤੋਂ ਹੀ ਇਟਲੀ 'ਚ ਦਸਤਾਵੇਜ਼ਾਂ ਤੋਂ ਬਿਨ੍ਹਾਂ ਰਹਿ ਰਹੇ ਹਨ, ਉਹ ਫਿਲਹਾਲ ਇਸਦਾ ਕੋਈ ਲਾਭ ਨਹੀਂ ਲੈ ਸਕਦੇ। ਉਨ੍ਹਾਂ ਨੂੰ ਬਿਨ੍ਹਾਂ ਸ਼ੱਕ ਕਿਸੇ ਹੋਰ ਨਵੇਂ ਕਾਨੂੰਨ ਦਾ ਇੰਤਜ਼ਾਰ ਕਰਨਾ ਪਵੇਗਾ।
ਥੋੜ੍ਹੇ ਸਮੇਂ ਦੇਸ਼ ਅੰਦਰ ਰਹਿ ਕੇ ਕੰਮ ਕਰਨ ਵਾਲੇ ਕਾਮਿਆਂ ਲਈ ਸਰਕਾਰ ਨੇ ਨਵਾਂ ਦੇਕਰੇਤੋ ਫਲੂਸੀ ਬਣਾਇਆ ਹੈ। ਇਸ 'ਚ ਅੱਧੇ ਤੋਂ ਵੱਧ ਗਿਣਤੀ ਉਨ੍ਹਾਂ ਵਿਦੇਸ਼ੀ ਕਰਮਚਾਰੀਆਂ ਲਈ ਨਿਸ਼ਚਤ ਕੀਤੀ ਗਈ ਹੈ, ਜਿਹੜੇ ਇਟਲੀ 'ਚ ਆ ਕੇ ਮੌਸਮੀ ਕੰਮ ਕਰਨਾ ਚਾਹੁੰਦੇ ਹਨ। ਬਾਕੀ ਗਿਣਤੀ ਨਿਵਾਸ ਆਗਿਆ ਨੂੰ ਬਦਲਾਉਣ (ਸਿੱਖਿਆ ਜਾਂ ਮੌਸਮੀ) ਵਾਲਿਆਂ ਲਈ ਰੱਖੀ ਗਈ ਹੈ। ਇਸ 'ਚ ਕੁਝ ਕੋਟਾ ਕੋਟਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਹੈ, ਜਿਹੜੇ ਟਰੇਨਿੰਗ ਜਾਂ ਤਜ਼ੁਰਬਾ ਹਾਸਲ ਕਰਨ ਲਈ ਇਟਲੀ ਆਉਣਾ ਚਾਹੁੰਦੇ ਹਨ ਅਤੇ ਇਸ ਸੰਬੰਧੀ ਉਨ੍ਹਾਂ ਨੇ ਆਪਣੇ ਦੇਸ਼ 'ਚ ਰਹਿੰਦਿਆਂ ਦਰਖ਼ਾਸਤ ਦਿੱਤੀ ਹੋਵੇ।
ਲੇਬਰ ਮੰਤਰਾਲੇ ਦੇ ਇਮੀਗ੍ਰੇਸ਼ਨ ਨਿਰਦੇਸ਼ ਹੇਠ ਨਿਯੋਕਤਾਵਾਂ ਅਤੇ ਇਮੀਗ੍ਰੇਸ਼ਨ ਸੰਬੰਧੀ ਕੰਮ ਕਰਨ ਵਾਲੇ ਸੰਘਾਂ ਦੀ ਇਕ ਬੈਠਕ ਦੌਰਾਨ ਇਸ ਕੋਟੇ ਦਾ ਢਾਂਚਾ ਤਿਆਰ ਕੀਤਾ ਗਿਆ ਹੈ। 2016 ਦੇ ਮੌਸਮੀ ਕੋਟੇ ਦੀਆਂ ਭਰੀਆਂ ਗਈਆਂ ਦਰਖ਼ਾਸਤਾਂ ਦਾ ਮੁਲਾਂਕਣ ਵੀ ਇਸ ਬੈਠਕ ਦੌਰਾਨ ਕੀਤਾ ਗਿਆ। ਇਨ੍ਹਾਂ ਦਰਖਾਸਤਾਂ ਦਾ ਸਮਾਂ ਅਜੇ ਵੀ ਬਾਕੀ ਹੈ, ਜਿਹੜੀਆਂ ਕਿ ਇਸ ਸਾਲ ਦੇ ਅੰਤ ਤੱਕ ਭਰੀਆਂ ਜਾ ਸਕਦੀਆਂ ਹਨ।