ਚੰਡੀਗੜ੍ਹ : ਪਟਿਆਲਾ ਦੀ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਦੁਤਾਲ ਦਾ ਕਿਸਾਨ ਹਰਜਿੰਦਰ ਸਿੰਘ ਇਲਾਕੇ ਦੇ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਆਪਣੇ ਭਰਾਵਾਂ ਸਮੇਤ ਪੱਚੀ ਏਕੜ ਜ਼ਮੀਨ ਦੇ ਮਾਲਕ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਬਿਨਾਂ ਅੱਗ ਲਾਏ ਪਿਛਲੇ ਕਈ ਸਾਲਾਂ ਤੋਂ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕਰ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਜਿੱਥੇ ਉਸ ਦਾ ਕਣਕ ਦੀ ਬੀਜਾਈ ‘ਤੇ ਖਰਚਾ ਘਟ ਰਿਹਾ ਹੈ, ਉਥੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਪ੍ਰਦੂਸ਼ਣ ਵੀ ਨਹੀਂ ਫ਼ੈਲਦਾ।
ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਪਟਿਆਲੇ ’ਚ ਪੰਜ ਕੁ ਕਿਸਾਨਾਂ ਕੋਲ ਹੀ ਅਜਿਹੇ ਹੈਪੀ ਸੀਡਰ ਹਨ ਕਿਉਂਕਿ ਹੈਪੀ ਸੀਡਰ ਮਹਿੰਗਾ ਹੋਣ ਦੇ ਨਾਲ ਹੀ ਉਸ ਨੂੰ ਚਲਾਉਣ ਵਾਲੇ ਟਰੈਕਟਰ ਦੀ ਹਾਰਸ ਪਾਵਰ ਵੀ ਜ਼ਿਆਦਾ ਹੋਣੀ ਚਾਹੀਦੀ ਹੈ। ਪਰ ਆਮ ਕਿਸਾਨ ਹੈਪੀ ਸੀਡਰ ਨਾਲ ਬੀਜਾਈ ਕਰਨ ਵਾਸਤੇ ਹਜ਼ਾਰਾਂ ਰੁਪਏ ਖਰਚਣ ਤੋਂ ਅਸਮਰਥ ਹੈ ਤੇ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕਰਨ ਤੋਂ ਬਾਅਦ ਹੋਰ ਵੀ ਕਈ ਮੁਸਕਿਲਾਂ ਆਉਂਦੀਆਂ ਹਨ।
ਜਿਸ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਹੀ ਕਣਕ ਦੀ ਬੀਜਾਈ ਕਰਦੇ ਹਨ। ਉਸਨੇ ਦੱਸਿਆ ਕਿ ਉਸ ਵੱਲੋਂ ਕਣਕ ਦੀ ਬਜਾਈ ਲਈ ਕੀਤੇ ਜਾ ਰਹੇ ਇਸ ਉਪਰਾਲੇ ਨੇ ਕਈ ਹੋਰ ਕਿਸਾਨਾਂ ਦਾ ਵੀ ਧਿਆਨ ਖਿੱਚਿਆ ਹੈ। ਉਸਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਅਜਿਹੀ ਮਹਿੰਗੀ ਮਸ਼ੀਨਰੀ ਸਬਸਿਡੀ ਉਤੇ ਮੁਹੱਈਆ ਕਰਵਾਏ।
ਪਿਛਲੇ ਕਈ ਸਾਲਾਂ ਤੋਂ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਜਾਣ ਕਰਕੇ ਵਧਦਾ ਪ੍ਰਦੂਸ਼ਣ ਮਨੁੱਖਤਾ, ਜੀਵ ਜੰਤੂਆਂ ਤੇ ਬਨਸਪਤੀ ਲਈ ਖਤਰਾ ਬਣ ਰਿਹਾ ਹੈ, ਉਸ ਵੇਲੇ ਵਿਗਿਆਨਕ ਤਕਨੀਕਾਂ ਦਾ ਸਹਾਰਾ ਲੈ ਕੇ ਖੇਤੀ ਕਰ ਰਹੇ ਇਸ ਕਿਸਾਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਹੋਰਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਰਹੇ ਹਨ।