ਚੰਡੀਗੜ੍ਹ: ਬੈਂਕ ਤੋਂ ਪੈਸੇ ਨਾ ਮਿਲਣ ਤੋਂ ਦੁਖੀ ਸੰਗਰੂਰ ਦੀ ਤਹਿਸੀਲ ਧੂਰੀ ਦੇ ਪਿੰਡ ਹੱਥਣ ਦੇ ਕਿਸਾਨਾਂ ਨੇ ਬੈਂਕ ਅੱਗੇ ਦਿਨ ਰਾਤ ਨੂੰ ਧਰਨਾ ਲਾਇਆ। ਬੈਂਕਾਂ ਵਿੱਚੋਂ ਖਪਤਕਾਰਾਂ ਨੂੰ ਆਪਣੇ ਹੀ ਪੈਸੇ ਨਾ ਮਿਲਣ ਕਾਰਨ ਲੋਕਾਂ ’ਚ ਭਾਰੀ ਰੋਸ ਹੈ ਅਤੇ ਠੰਢ ਦੇ ਬਾਵਜੂਦ ਖਪਤਕਾਰ ਬੈਂਕਾਂ ਅੱਗੇ ਦਿਨ ਰਾਤ ਧਰਨਾ ਲਾਉਣ ਲਈ ਤੇ ਨਾਅਰੇਬਾਜੀ ਕਰਨ ਲਈ ਮਜ਼ਬੂਰ ਹੋ ਰਹੇ ਹਨ।
ਇਸਤੋਂ ਇਲਾਵਾ ਲਹਿਰਗਾਗਾ ਦੇ ਸਟੇਟ ਬੈਂਕ ਆਫ਼ ਪਟਿਆਲਾ ਵਿੱਚ ਵੀ ਪੱਕੇ ਤੌਰ ’ਤੇ ਲੋਕਾਂ ਨੇ ਦਿਨ ਰਾਤ ਦਾ ਧਰਨਾ ਲਾ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਉਹ ਪਿਛਲੇ ਦਿਨਾਂ ਤੋਂ ਪੈਸੇ ਕਢਵਾਉਣ ਲਈ ਧੱਕੇ ਖਾ ਰਹੇ ਹਨ ਪਰ ਉਨ੍ਹਾਂ ਨੂੰ ਪੈਸੇ ਦੇਣ ਦੀ ਬਜਾਏ ਅਧਿਕਾਰੀ ਆਪਣੇ ਚਹੇਤਿਆਂ ਨੂੰ ਕਥਿਤ ਰਾਤ ਸਮੇਂ ਪੈਸੇ ਵੰਡ ਦਿੰਦੇ ਹਨ।
ਸਭ ਤੋਂ ਮਾੜੀ ਹਾਲਤ ਅਲਾਹਾਬਾਦ ਬੈਂਕ ਦੀ ਹੈ ਜਿਥੇ ਸਿਰਫ਼ ਆਪਣੇ ਚਹੇਤਿਆਂ ਦੇ ਚੈਕ ਲਏ ਜਾਂਦੇ ਹਨ ਜਿਸ ਬਾਰੇ ਬੈਂਕ ਦੇ ਕੋਲਕਾਤਾ ਹੈਡ ਆਫਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਸੁਧਾਰ ਨਹੀਂ ਹੋਇਆ। ਧਰਨਾਕਾਰੀਆਂ ਵਿੱਚ ਔਰਤਾਂ, ਬਜ਼ੁਰਗ ਤੇ ਆਮ ਲੋਕ ਹਨ ਜਿਹੜੇ ਠੰਢ ਤੋਂ ਬਚਣ ਲਈ ਬਾਕਾਇਦਾ ਰਜਾਈਆਂ, ਚੈੱਕ ਬੁੱਕਾਂ, ਪਾਸ ਬੁੱਕਾਂ ਅਤੇ ਏਟੀਐਮ ਕਾਰਡ ਘਰੋਂ ਲੈ ਕੇ ਆਏ ਹਨ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਟੈਲੀਵਿਜ਼ਨ ਵਿੱਚ ਬੈਂਕਾਂ ਤੇ ਏਟੀਐਮਾਂ ’ਚੋ ਪੈਸੇ ਵੰਡਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸੱਚ ਇਹ ਹੈ ਕਿ ਪੈਸੇ ਨਾ ਮਿਲਣ ਕਰਕੇ ਲੋਕਾਂ ਨੂੰ ਰਾਤ ਨੂੰ ਵੀ ਧੱਕੇ ਖਾਣੇ ਪੈ ਰਹੇ ਹਨ। ਪੈਸੇ ਨਾ ਮਿਲਣ ਕਰਕੇ ਬਾਜ਼ਾਰ ਵਿੱਚ ਵਪਾਰ ਠੱਪ ਹੋ ਕੇ ਰਹਿ ਗਿਆ ਹੈ। ਧਰਨੇ ’ਤੇ ਬੈਠੇ ਅਸ਼ੋਕ ਕੁਮਾਰ ਨੇ ਕਿਹਾ ਕਿ ਉਸਦੀ ਭੈਣ ਦਾ ਵਿਆਹ ਹੈ ਤੇ ਜਿੰਨੀ ਦੇਰ ਪੈਸੇ ਨਹੀਂ ਨਿਕਲਦੇ ਉਹ ਘਰ ਨਹੀਂ ਜਾਵੇਗਾ।