ਚੰਡੀਗੜ੍ਹ :ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਤੋਂ ਚਾਰ ਦਿਨਾਂ 9ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਗਰੀ ਤੇ ਲਾਈਵਸਟਾਕ ਐਕਸਪੋ ਸ਼ੁਰੂ ਹੈ। ਇਹ ਚੈਂਪੀਅਨਸ਼ਿਪ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਫਿਕੀ) ਦੇ ਸਹਿਯੋਗ ਨਾਲ 9ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਗਰੀ ਤੇ ਲਾਈਵਸਟਾਕ ਐਕਸਪੋ 2 ਤੋਂ 5 ਦਸੰਬਰ ਤਕ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ’ਚ ਕਰਵਾਈ ਜਾ ਰਹੀ ਹੈ।
ਸਮਾਗਮ ਦੀ ਪ੍ਰਧਾਨਗੀ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਕਰਨਗੇ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 5 ਦਸੰਬਰ ਨੂੰ ਇਨਾਮ ਵੰਡਣਗੇ। ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਅਤੇ ਡਾਇਰੈਕਟਰ ਪਸ਼ੂ ਪਾਲਣ ਡਾ. ਐਚ ਐਸ ਸੰਧਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਜੇਤੂ ਪਸ਼ੂ ਪਾਲਕਾਂ ਨੂੰ 1.5 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ।
ਚੈਂਪੀਅਨਸ਼ਿਪ ’ਚ 71 ਵੱਖ-ਵੱਖ ਕੈਟਾਗਰੀਆਂ ਵਿੱਚ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰ, ਊਠ, ਕੁੱਤੇ, ਟਰਕੀ ਅਤੇ ਮੁਰਗਿਆਂ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਸੈਮੀਨਾਰ ਕਰਵਾਏ ਜਾਣਗੇ। ਲੋਕਾਂ ਦੇ ਮਨੋਰੰਜਨ ਲਈ ਸੱਭਿਆਚਾਰ ਤੇ ਗੀਤ-ਸੰਗੀਤ ਦਾ ਪ੍ਰੋਗਰਾਮ ਅਤੇ ਲੋਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਗੋਪਾਲ ਸਿੰਘ, ਡਾ. ਸੁਖਮਹਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਾ. ਨਿਤਿਨ ਕੁਮਾਰ, ਡਾ. ਸੰਜੀਵ ਖੋਸਲਾ, ਡਾ. ਕੇਵਲ ਅਰੋੜਾ ਅਤੇ ਡਾ. ਅਜਮੇਰ ਸਿੰਘ ਵੀ ਮੌਜੂਦ ਸਨ।
ਸਾਹੀਵਾਲ ਕਿਸਮ ਦੀਆਂ ਗਾਵਾਂ ਦੇ ਸੁਚੱਜੇ ਪਾਲਣ ਪੋਸ਼ਨ ਬਾਰੇ ਭਾਰਤੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਪਸ਼ੂ ਮੇਲੇ ’ਚ ਪਾਕਿਸਤਾਨੀ ਪੰਜਾਬ ਤੋਂ ਵੀ ਵਫ਼ਦ ਪੁੱਜ ਰਿਹਾ ਹੈ। ਸਾਹੀਵਾਲ ਗਊਆਂ ਪਾਕਿਸਾਤਾਨ ’ਚ ਕਾਫੀ ਉੱਨਤ ਹਨ।