ਚੰਡੀਗੜ੍ਹ : ਆੜਤੀਆਂ ਦੇ ਠੱਗੀ ਦਾ ਸ਼ਿਕਾਰ ਕਿਸਾਨ ਲਾਭ ਸਿੰਘ ਜਿਸ ਨੇ ਕੱਲ ਧਰਨੇ ਦੌਰਾਨ ਜਹਿਰੀਲੀ ਦਵਾਈ ਪੀ ਲਈ ਸੀ, ਮੌਕੇ ਤੇ ਪਹੁੰਚੇ ਐਸ.ਡੀ.ਐਮ. ਪਟਿਆਲਾ ਪੂਜਾ ਸਿਆਲ ਨੇ ਯੂਨੀਅਨ ਆਗੂਆਂ ਨੂੰ ਧਰਨੇ ਵਾਲੀ ਜਗ੍ਹਾਂ ਤੇ ਪਹੁੰਚ ਕੇ ਪੀੜਤ ਕਿਸਾਨ ਦੇ ਇਲਾਜ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਵਲੋਂ ਲਈ ਸੀ ਪਰੰਤੂ ਪਰਿਵਾਰ ਨੇ ਅੱਜ ਦੱਸਿਆ ਕਿ ਕੱਲ ਤੋਂ ਅੱਜ ਤੱਕ ਨਾ ਤਾ ਕੋਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਇਲਾਜ ਲਈ ਗੰਭੀਰਤਾ ਦਿਖਾਈ, ਇੱਥੋਂ ਤੱਕ ਕਿ ਪਰਿਵਾਰ ਦੇ ਹੱਕ ਵਿੱਚ ਕੋਈ ਵੀ ਹਾਂ ਦਾ ਨਾਅਰਾ ਮਾਰਨ ਲਈ ਹਸਪਤਾਲ ਤੱਕ ਨਹੀਂ ਪਹੁੰਚਿਆ।
ਦੁਪਹਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਅਮਨ ਵਿਹਰ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਤੋਂ ਬਾਅਦ ਭਾਦਸੋਂ ਰੋਡ ਤੋਂ ਲੈ ਕੇ ਥਾਪਰ ਕਾਲਜ ਚੌਂਕ ਤੱਕ ਰੋਸ ਮਾਰਚ ਕੀਤਾ। ਇਸ ਦੌਰਾਨ ਆੜਤੀਏ ਅਤੇ ਪਟਿਆਲਾ ਪ੍ਰਸ਼ਾਸ਼ਨ ਦੀ ਅਰਥੀ ਵੀ ਫੂਕੀ ਗਈ। ਡਾ. ਦਰਸ਼ਨ ਪਾਲ ਨੇ ਸੰਬੋਧਨ ਹੁੰਦਿਆ ਦੱਸਿਆ ਕਿ ਲਗਾਤਾਰ 6 ਅਕਤੂਬਰ ਤੋਂ ਜਾਰੀ ਧਰਨਾ ਲਗਾਈ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੂਨ ਅਤੇ ਪਰਿਵਾਰਕ ਮੈਂਬਰਾਂ ਦੀ ਪ੍ਰਸ਼ਾਸ਼ਨ ਨੇ ਕੋਈ ਗੱਲ ਨਹੀਂ ਸੁਣੀ ਅਤੇ ਨਾ ਹੀ ਆੜਤੀਆਂ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ। ਜਿਸ ਤੋਂ ਦੁੱਖੀ ਹੋ ਕੇ ਕਿਸਾਨ ਲਾਭ ਸਿੰਘ ਨੇ ਇਹ ਕਦਮ ਚੁਕਿਆ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਇਨ੍ਹਾਂ ਆੜਤੀਆਂ ਤੋਂ ਦੁੱਖੀ ਇਸੇ ਕਿਸਾਨ ਦੇ ਪੁੱਤਰ ਅਤੇ ਪਰਿਵਾਰ ਦੇ ਇੱਕ ਹੋਰ ਨੌਜਵਾਨ ਨੇ ਪਹਿਲਾਂ ਵੀ ਖੁਦਕਸ਼ੀ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਜੇਕਰ ਹੁਣ ਵੀ ਪ੍ਰਸ਼ਾਸ਼ਨ ਨੇ ਇਨ੍ਹਾਂ ਆੜਤੀਆਂ ਨੂੰ ਸਖਤ ਸਜਾਵਾਂ ਯੋਗ ਧਰਾਵਾ ਧੋਖਾਧੜੀ, ਠੱਗੀ ਅਤੇ ਆਤਮ ਹੱਤਿਆ ਲਈ ਮਜਬੂਰ ਕਰਨ ਅਧੀਨ ਗਿ੍ਰਫਤਾਰ ਕਰਕੇ ਜੇਲ ਵਿੱਚ ਨਾ ਸੁੱਟਿਆ ਤਾਂ ਇਸੇ 5 ਤਾਰੀਖ ਨੂੰ ਵੱਡਾ ਇਕੱਠ ਕਰਕੇ ਕੋਈ ਵੱਡਾ ਐਕਸ਼ਨ ਕੀਤਾ ਜਾਵੇਗਾ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ।