ਫਰੀਦਕੋਟ-ਇੱਥੋਂ ਦੇ ਤਤਕਾਲੀ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਬੀਤੇ ਦਿਨ ਇੱਥੇ ਐਕਸ਼ਨ ਕਮੇਟੀ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਸਾਹਮਣੇ ਆਪਣੀ ਗਲਤੀ ਕਬੂਲ ਕੇ ਮੁਆਫ਼ੀ ਮੰਗਣ ਨਾਲ ਵਿਦਿਆਰਥੀਆਂ ’ਤੇ ਤਸ਼ੱਦਦ ਕੀਤੇ ਜਾਣ ਕਾਰਨ ਪੈਦਾ ਹੋਇਆ ਵਿਵਾਦ ਖਤਮ ਹੋ ਗਿਆ। ਕਈ ਸੰਘਰਸ਼ਕਾਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਬਣੀ ‘ਜੈਤੋ ਦੇ ਵਿਦਿਆਰਥੀਆਂ ’ਤੇ ਜਬਰ ਵਿਰੋਧੀ ਐਕਸ਼ਨ ਕਮੇਟੀ’ ਨੇ ਪੁਲੀਸ ਪ੍ਰਸ਼ਾਸਨ ਸਮੇਤ ਤਤਕਾਲੀ ਥਾਣਾ ਮੁਖੀ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਹੋਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਐੱਸਐੱਚਓ ਗੁਰਮੀਤ ਸਿੰਘ ’ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ 12 ਜਨਵਰੀ ਨੂੰ ਬੱਸ ਦੀ ਉਡੀਕ ਕਰਦੇ ਬੀ.ਕਾਮ ਦੇ ਦੋ ਵਿਦਿਆਰਥੀਆਂ ਅਤੇ ਇਕ ਵਿਦਿਆਰਥਣ ਨੂੰ ਬੱਸ ਅੱਡੇ ਤੋਂ ਥਾਣੇ ਲਿਜਾ ਕੇ ਮਾਰ ਕੁੱਟ ਕੀਤੀ ਸੀ। ਇਸ ਮਾਮਲੇ ’ਤੇ ਵਿਦਿਆਰਥੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ 29 ਜਨਵਰੀ ਨੂੰ ਕਾਲਜ ’ਚ ਧਰਨਾ ਚੱਲ ਰਿਹਾ ਸੀ ਤਾਂ ਉੱਥੇ ਡੀਐੱਸਪੀ ਜੈਤੋ ਬਲਜਿੰਦਰ ਸੰਧੂ ਦੀ ਅਣਕਿਆਸੀ ਮੌਤ ਹੋ ਗਈ। ਮੌਕੇ ’ਤੇ ਮੱਚੀ ਭਾਜੜ ਦੌਰਾਨ ਦੋ ਵਿਦਿਆਰਥਣਾਂ, ਇਕ ਵਿਦਿਆਰਥੀ ਅਤੇ 12 ਜਨਵਰੀ ਦੀ ਪੀੜਤ ਵਿਦਿਆਰਥਣ ਦਾ ਪਿਤਾ ਹਰਬੰਸ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਸਾਰਿਆਂ ਨੇ ਪੁਲੀਸ ’ਤੇ ਅਣਮਨੁੱਖੀ ਤਸ਼ੱਦਦ ਕਰਨ ਦਾ ਦੋਸ਼ ਲਾਇਆ ਸੀ। 30 ਜਨਵਰੀ ਨੂੰ ਰਿਹਾਈ ਪਿੱਛੋਂ ਵਿਦਿਆਰਥੀ ਇਲਾਜ ਲਈ ਹਸਪਤਾਲ ਦਾਖ਼ਲ ਹੋ ਗਏ।


ਇਨ੍ਹਾਂ ਘਟਨਾਵਾਂ ਦੇ ਪ੍ਰਸੰਗ ‘ਚ ਸੰਘਰਸ਼ਕਾਰੀ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਐਕਸ਼ਨ ਕਮੇਟੀ ਹੋਂਦ ਵਿੱਚ ਆਈ ਸੀ, ਜਿਸ ਨੇ ਅੱਜ 5 ਫਰਵਰੀ ਨੂੰ ਜੈਤੋ ’ਚ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੋਇਆ ਸੀ।
ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਆਹਲਾ ਪੁਲੀਸ ਅਧਿਕਾਰੀਆਂ ਨਾਲ ਕਮੇਟੀ ਮੈਂਬਰਾਂ ਦੀ ਹੋਈ ਮੀਟਿੰਗ ’ਚ ਤਤਕਾਲੀ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਮੁਆਫ਼ੀ ਮੰਗੇ ਜਾਣ ਬਾਰੇ ਸਮਝੌਤਾ ਹੋਇਆ। ਇਸੇ ਪ੍ਰੋਗਰਾਮ ਤਹਿਤ ਸਬੰਧਤ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇੱਥੋਂ ਦੇ ਉੱਪ ਮੰਡਲ ਪ੍ਰਬੰਧਕੀ ਕੰਪਲੈਕਸ ਦੇ ਵਿਹੜੇ ਵਿੱਚ ਕੀਤੇ ਗਏ ਇਕੱਠ ’ਚ ਪਹੁੰਚ ਕੇ ਗੁਰਮੀਤ ਸਿੰਘ ਨੇ ਗਲਤੀ ਮੰਨਦਿਆਂ ਮੁਆਫੀ ਦੀ ਮੰਗ ਕੀਤੀ। ਇਕੱਠ ਨੇ ਹੱਥ ਖੜ੍ਹੇ ਕਰ ਕੇ ਮੁਆਫ਼ੀ ਪ੍ਰਵਾਨਗੀ ਦਾ ਮਤਾ ਪਾਸ ਕਰ ਦਿੱਤਾ।

12 ਜਨਵਰੀ ਵਾਲੀ ਘਟਨਾ ਦੀ ਪੀੜਤ ਵਿਦਿਆਰਥਣ ਊਸ਼ਾ ਰਾਣੀ, ਉਸ ਦੇ ਸਹਿਪਾਠੀ ਨਵਕਰਨ ਤੇ ਸੁਖਰਾਜ ਅਤੇ 29 ਜਨਵਰੀ ਨੂੰ ਡੀਐੱਸਪੀ ਕਾਂਡ ਤੋਂ ਫੌਰੀ ਪਿੱਛੋਂ ਗ੍ਰਿਫ਼ਤਾਰ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਗੁਰਵੀਰ ਕੌਰ, ਸੁਮਨ ਹਮੀਦੀ, ਜਸਪ੍ਰੀਤ ਸਿੰਘ ਤੋਂ ਇਲਾਵਾ ਲੋਕ ਆਗੂ ਮਾਸਟਰ ਜਗਤਾਰ ਸਿੰਘ ਰੋੜੀਕਪੂਰਾ ਦੀ ਅਪਾਹਜ ਵਿਧਵਾ ਸੁਖਵਿੰਦਰ ਕੌਰ ਇੱਥੇ ਹਾਜ਼ਰ ਸਨ।

[embed]http://abpsanjha.abplive.in/photos/news-345883[/embed]