ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਖੇਤੀਬਾੜੀ ਸੈਕਟਰ 'ਤੇ ਬਹੁਤਾ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 2020-21 ਦੇ ਸਾਉਣੀ ਦੇ ਸੀਜ਼ਨ ਵਿੱਚ 1,445.2 ਲੱਖ ਟਨ ਅਨਾਜ ਪੈਦਾ ਹੋਣ ਦੀ ਉਮੀਦ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2019-20 ਦੇ ਸਾਉਣੀ ਦੇ ਸੀਜ਼ਨ ਦੌਰਾਨ ਅਨਾਜ ਦਾ ਉਤਪਾਦਨ 1,433.8 ਲੱਖ ਟਨ ਸੀ।

ਉਤਪਾਦਨ ਪਿਛਲੇ ਸਾਲ ਨਾਲੋਂ ਵਧੀਆ ਰਹੇਗਾ:

ਇਸ ਸਮੇਂ ਦੇਸ਼ ਵਿਚ ਸਾਉਣੀ ਦੀਆਂ ਫਸਲਾਂ ਦੀ ਕਟਾਈ ਜਾਰੀ ਹੈ। ਚੌਲ ਸਾਉਣੀ ਦੀ ਮੁੱਖ ਫਸਲ ਹੈ। ਤੋਮਰ ਨੇ ਉਦਯੋਗ ਸੰਗਠਨ ਸੀਆਈਆਈ ਵੱਲੋਂ ਕਰਵਾਈ ਡਿਜੀਟਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, "ਪਿਛਲੇ ਸਾਲ ਨਾਲੋਂ ਖੁਰਾਕ ਉਤਪਾਦਨ ਵਧੀਆ ਰਹੇਗਾ। ਸ਼ੁਰੂਆਤੀ ਅਨੁਮਾਨਾਂ ਅਨੁਸਾਰ, 2020-21 ਸਾਉਣੀ ਦੇ ਸੀਜ਼ਨ ਦੌਰਾਨ ਅਨਾਜ ਦਾ ਉਤਪਾਦਨ 1,445.2 ਲੱਖ ਟਨ ਹੋਣ ਦਾ ਅਨੁਮਾਨ ਹੈ।"

ਸਾਉਣੀ ਦੀਆਂ ਫਸਲਾਂ ਦੇ ਬਿਜਾਈ ਵਾਲੇ ਖੇਤਰ ਵਿੱਚ ਰਿਕਾਰਡ ਵਾਧਾ:

ਉਨ੍ਹਾਂ ਕਿਹਾ ਕਿ ਗੰਨੇ ਤੇ ਕਪਾਹ ਜਿਹੀਆਂ ਨਕਦ ਫਸਲਾਂ ਦਾ ਉਤਪਾਦਨ ਵੀ ਵਧੀਆ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਸਾਉਣੀ ਦੀਆਂ ਫਸਲਾਂ ਦੇ ਬਿਜਾਈ ਖੇਤਰ ਵਿੱਚ ਰਿਕਾਰਡ 4.51 ਫੀਸਦੀ ਦਾ ਵਾਧਾ ਹੋਇਆ ਹੈ ਤੇ ਇਹ ਵਧ ਕੇ 1,121.75 ਲੱਖ ਹੈਕਟੇਅਰ ਹੋ ਗਿਆ ਹੈ।

ਖੇਤੀਬਾੜੀ ਭਾਰਤੀ ਆਰਥਿਕਤਾ ਦਾ ਅਧਾਰ ਹੈ:

ਤੋਮਰ ਨੇ ਕਿਹਾ ਕਿ ਖੇਤੀਬਾੜੀ ਭਾਰਤੀ ਆਰਥਿਕਤਾ ਦਾ ਅਧਾਰ ਹੈ। ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਦੌਰਾਨ ਇਸ ਖੇਤਰ ਵਿੱਚ ਵੀ 3.4 ਫੀਸਦ ਦਾ ਵਾਧਾ ਹੋਇਆ ਹੈ। ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸੁਧਾਰਾਂ ਬਾਰੇ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਮੰਡੀਆਂ ਐਮਐਸਪੀ ਖਰੀਦ ਦੇ ਨਾਲ-ਨਾਲ ਦੇਸ਼ ਭਰ ਵਿੱਚ ਕੰਮ ਕਰਨਾ ਜਾਰੀ ਰੱਖਣਗੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904