ਚੰਡੀਗੜ੍ਹ: ਆਪਣੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗ੍ਰਿਫ਼ਤਾਰੀ ਮੌਕੇ ਜ਼ਬਤ ਕੀਤੇ ਗਏ ਮੋਬਾਈਲ ਹਾਲੇ ਤੱਕ ਪੁਲੀਸ ਨੇ ਨਹੀਂ ਮੋੜੇ। ਇਸ ਕਰਕੇ ਕਿਸਾਨੀ ਹੱਕਾਂ ਲਈ ਮੋਰਚਾ ਲਾਉਣ ਵਾਲੇ ਕਿਸਾਨ ਹੁਣ ਆਪਣੇ ਮੋਬਾਈਲ ਫੋਨ ਵਾਪਸ ਲੈਣ ਲਈ ਮੋਰਚਾ ਲਾਉਣਗੇ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ ਮੁੱਦੇ ’ਤੇ 28 ਸਤੰਬਰ ਨੂੰ ਇਥੇ ਸੀਨੀਅਰ ਪੁਲੀਸ ਕਪਤਾਨ ਦੇ ਦਫ਼ਤਰ ਅੱਗੇ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ।
ਜਥੇਬੰਦੀਆਂ ਦੇ ਆਗੂ ਤਰਲੋਚਨ ਸਿੰਘ ਝੋਰੜਾਂ ਤੇ ਸਾਧੂ ਸਿੰਘ ਅੱਚਰਵਾਲ ਨੇ ਪੁਲੀਸ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਗਈ ਕਿ ਜੇਕਰ ਗ੍ਰਿਫ਼ਤਾਰ ਕੀਤੇ ਗਏ ਛੇ ਕਿਸਾਨ ਆਗੂਆਂ ਦੇ ਛੇ ਮੋਬਾਈਲ ਫੋਨ 28 ਤਰੀਕ ਤੋਂ ਪਹਿਲਾਂ ਨਾ ਮੋੜੇ ਗਏ ਤਾਂ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ।
ਉਨ੍ਹਾਂ ਦੱਸਿਆ ਕਿ ਜਗਰਾਉਂ ਪੁਲੀਸ ਨੇ ਪੱਕੇ ਮੋਰਚੇ ਨੂੰ ਨਾਕਾਮ ਕਰਨ ਲਈ ਤਿੰਨ ਸਤੰਬਰ ਨੂੰ ਇਲਾਕੇ ਦੇ ਅੱਠ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਗ੍ਰਿਫ਼ਤਾਰੀ ਦੇ ਦਸਵੇਂ ਦਿਨ ਤੇਰਾਂ ਸਤੰਬਰ ਨੂੰ ਇਨ੍ਹਾਂ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਰਿਹਾਈ ਤੋਂ ਬਾਅਦ ਵੀ ਦਸ ਦਿਨ ਬੀਤ ਚੁੱਕੇ ਹਨ ਪਰ ਇਨ੍ਹਾਂ ਛੇ ਕਿਸਾਨਾਂ ਦੇ ਮੋਬਾਈਲ ਫੋਨ ਪੁਲੀਸ ਮੋੜ ਨਹੀਂ ਰਹੀ। ਕਿਸਾਨਾਂ ਮੁਤਾਬਕ ਚਾਰ ਫੋਨ ਸਾਧਾਰਨ ਹਨ ਜਦਕਿ ਦੋ ਮਹਿੰਗੀ ਕਿਸਮ ਦੇ ਹਨ ਤੇ ਸਾਰਿਆਂ ਦੀ ਕੀਮਤ 50 ਹਜ਼ਾਰ ਤੋਂ ਵਧੇਰੇ ਬਣਦੀ ਹੈ।
ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਮੋਬਾਈਲਾਂ ਬਾਰੇ ਪੜਤਾਲ ਕਰਵਾਉਣਗੇ ਤੇ ਜੇਕਰ ਪੁਲੀਸ ਨੇ ਇਹ ਫੋਨ ਰੱਖੇ ਹੋਏ ਹਨ ਤਾਂ ਲਾਜ਼ਮੀ ਵਾਪਸ ਕੀਤੇ ਜਾਣਗੇ।