ਵਧੀਕ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਧੂ ਦੀ ਗ੍ਰਿਫਤਾਰੀ ਨਾਲ ਹੋਰ ਤੱਥ ਸਾਹਮਣੇ ਆਉਣਗੇ। ਕੀਟਨਾਸ਼ਨਕ ਘੁਟਾਲੇ ਲਈ ਤਾਂ ਪੁਲੀਸ ਨੇ ਸੰਧੂ ਨੂੰ ਦੋਸ਼ੀ ਠਹਿਰਾਇਆ ਹੀ ਹੈ ਸਗੋਂ ਇਸ ਸਾਬਕਾ ਅਫ਼ਸਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਵੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ। ਪੁਲੀਸ ਤਫ਼ਤੀਸ਼ ਦੌਰਾਨ ਡਾ. ਸੰਧੂ ਵੱਲੋਂ 2 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਜਿਸ ਵਿੱਚ ਸ਼ੋਅ ਰੂਮ ਅਤੇ ਫਲੈਟ ਸ਼ਾਮਲ ਹਨ ਦਾ ਜ਼ਿਕਰ ਸਾਲਾਨਾ ਰਿਟਰਨ ’ਚ ਨਾ ਕਰਨ ਨੂੰ ਅਧਾਰ ਬਣਾਇਆ ਗਿਆ ਹੈ।
ਜਿ਼ਕਰ ਯੋਗ ਹੈ ਕਿ ਮੰਗਲ ਸਿੰਘ ਸੰਧੂ ਨੂੰ ਪੁਲਸ ਨੇ ਪਿਛਲੇ ਸਾਲ ਪੰਜ ਅਕਤੂਬਰ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ ਤੇ 10 ਅਕਤੂਬਰ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਸੀ। ਰਾਮਾ ਮੰਡੀ ਦੇ ਥਾਣੇ ਵਿੱਚ ਦਰਜ ਐਫ ਆਈ ਆਰ ਵਿੱਚ ਮੰਗਲ ਸਿੰਘ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਸੀ। ਰਾਮਾ ਮੰਡੀ ਦੇ ਗੋਦਾਮਾਂ ਤੋਂ ਮਿਲੇ ਜਾਅਲੀ ਕੀਟਨਾਸ਼ਕਾਂ ਦੇ ਕੇਸ ਵਿੱਚ ਇਹ ਪੁਲਸ ਕੇਸ ਦਰਜ ਕੀਤਾ ਗਿਆ ਸੀ। ਬਠਿੰਡਾ ਅਦਾਲਤ ਨੇ 17 ਅਕਤੂਬਰ ਨੂੰ ਮੰਗਲ ਸਿੰਘ ਸੰਧੂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਅਤੇ ਉਸ ਮਗਰੋਂ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਲਾਈ ਗਈ ਸੀ। ਅਦਾਲਤ ਦੇ ਹੁਕਮ ਉੱਤੇ ਜੇਲ੍ਹ ਤੋ ਰਿਹਾਅ ਕਰ ਦਿੱਤਾ ਗਿਆ ਹੈ।
ਤੋਤਾ ਸਿੰਘ ਵੱਲ ਕੀਤੀ ਸੀ ਉਂਗਲ !
ਸੂਤਰਾਂ ਅਨੁਸਾਰ ਇੱਕ ਸਮੇਂ ਕੀੜੇਮਾਰ ਦਵਾਈ ਦੇ ਘੁਟਾਲੇ ਵਿੱਚ ਖੇਤੀਬਾੜੀ ਡਾਇਰੈਕਟਰ ਨੇ ਖੇਤੀ ਮੰਤਰੀ ਜੱਥੇਦਾਰ ਤੋਤਾ ਸਿੰਘ ਵੱਲ ਇਸ਼ਾਰਾ ਕੀਤਾ ਸੀ। ਇਸ ਤੋਂ ਪਹਿਲਾਂ ਵੀ ਮੰਗਲ ਸਿੰਘ ਸੰਧੂ ਕਹਿ ਚੁੱਕਾ ਹੈ ਕਿ ਨਕਲੀ ਕੀੜੇਮਾਰ ਦਵਾਈਆਂ ਅਤੇ 33 ਕਰੋੜ ਦੀ ਕੀੜੇਮਾਰ ਦਵਾਈਆਂ ਖਰੀਦਣ ਦੇ ਕੇਸ ਵਿੱਚ ਉਸ ਨੂੰ ਨਾਜਾਇਜ਼ ਫਸਾਇਆ ਜਾ ਰਿਹ ਹੈ, ਜਦੋਂ ਕਿ ਇਸ ਕੇਸ ਦਾ ਸੂਤਰਧਾਰ ਕੋਈ ਹੋਰ ਹੈ। ਪਰ ਬਾਅਦ ਵਿੱਚ ਜਦੋਂ ਉਹ ਬਠਿੰਡਾ ਜੇਲ੍ਹ ਤੋਂ ਰਿਹਾਅ ਹੋਏ ਤਾਂ ਉਨ੍ਹਾਂ ਨੇ ਤੋਤਾ ਸਿੰਘ ਖਿਲਾਫ ਕੁਝ ਵੀ ਬੋਲਣ ਤੋਂ ਨਾਂਅ ਕਰ ਦਿੱਤੀ ਸੀ।
ਸੰਧੂ ਦੇ ਬਾਦਲ ਪਰਿਵਾਰ ਨਾਲ ਨੇੜ੍ਹਲੇ ਸਬੰਧ:
ਸੰਧੂ ਦੇ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਨੇੜਤਾ ਬਾਰੇ ਚਚੇਰੇ ਭਰਾ ਅਜੀਤ ਸਿੰਘ ਦੱਸਦੇ ਹਨ ਕਿ 1977 ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ਪਿੰਡ ਪੱਕੀ ਟਿੱਬੀ ਤੋਂ ਗੱਜਣ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜ ਰਿਹਾ ਸੀ।ਉਸ ਦੇ ਸਾਹਮਣੇ ਸੀ ਐਮ ਬਾਦਲ ਦੇ ਛੋਟੇ ਭਰਾ ਗੁਰਦਾਸ ਬਾਦਲ ਅਕਾਲੀ ਦਲ ਦਾ ਉਮੀਦਵਾਰ ਸੀ। ਉਸ ਵੇਲੇ ਪੂਰਾ ਪਿੰਡ ਗੱਜਣ ਦੇ ਸਮਰਥਨ ਵਿੱਚ ਸੀ। ਕੋਈ ਵੀ ਅਕਾਲੀ ਦਲ ਦਾ ਬੂਥ ਲਾਉਣ ਤੱਕ ਵੀ ਤਿਆਰ ਨਹੀਂ ਸੀ। ਜਦੋਂ ਮੰਗਲ ਦੇ ਦਾਦਾ ਊਧਮ ਸਿੰਘ ਨੇ ਬਾਦਲ ਪਰਿਵਾਰ ਦਾ ਸਾਥ ਦਿੱਤਾ। ਉਸ ਤੋਂ ਬਆਦ ਸੰਧੂ ਪਰਿਵਾਰ ਬਾਦਲ ਪਰਿਵਾਰ ਦੇ ਵਿਸ਼ਵਾਸ ਪਾਤਰਾਂ ਵਿੱਚ ਸ਼ਾਮਲ ਹੋ ਗਿਆ। ਹੁਣ ਇਸ ਪਰਿਵਾਰ ਦੇ ਮੈਂਬਰ ਦੀ ਗ੍ਰਿਫ਼ਤਾਰੀ ਨਾਲ ਪਿੰਡ ਵਾਸੀ ਹੈਰਾਨ ਹਨ।
ਮੰਗਲ ਸਿੰਘ ਸੰਧੂ ਦਾ ਪਿਛੋਕੜ:
ਸੰਧੂ ਪਰਿਵਾਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਡਾ. ਮੰਗਲ ਸਿੰਘ ਸੰਧੂ, ਜਸਦੀਪ ਸਿੰਘ ਤੇ ਰਘੁਵੀਰ ਸਿੰਘ ਤਿੰਨ ਭਰਾ ਹਨ। ਇਨ੍ਹਾਂ ਤਿੰਨਾਂ ਦੀ ਖੇਤੀ ਸਾਂਝੀ ਹੈ। ਡਾ. ਮੰਗਲ ਸਿੰਘ ਸੰਧੂ ਚੰਡੀਗੜ੍ਹ ਵਿੱਚ ਰਹਿੰਦੇ ਹਨ ਪਰ ਮਹੀਨੇ ਵਿੱਚ ਇੱਕ ਵਾਰੀ ਪਿੰਡ ਗੇੜਾ ਜ਼ਰੂਰ ਮਾਰਦੇ ਹਨ। ਸੰਧੂ ਦੇ ਪਰਿਵਾਰ ਕੋਲ ਕਰੀਬ 60 ਏਕੜ ਜੱਦੀ ਜ਼ਮੀਨ ਹੈ। ਡਾ. ਸੰਧੂ ਦੇ ਗੁਆਂਢੀ ਸਤਨਾਮ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਡਾ. ਸੰਧੂ ਜਦੋਂ ਵੀ ਪਿੰਡ ਆਉਂਦੇ ਹਨ ਤਾਂ ਪਿੰਡ ਦੇ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਖੇਤੀ ਕਰਨ ਲਈ ਉਤਸ਼ਾਹਿਤ ਕਰਦੇ ਸਨ।