ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਕਸਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੇ ਜ਼ਿਲ੍ਹੇ ਬਠਿੰਡਾ ਵਿੱਚ ਹੀ ਕਿਸਾਨਾਂ ਨੂੰ ਕਰਜ਼ਾ ਨਾ ਮੋੜਨ ਕਰਕੇ ਬੈਂਕਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਹਿਕਾਰੀ ਖੇਤੀਬਾੜੀ ਬੈਂਕ ਨੇ ਬਠਿੰਡਾ ਦੇ 1400 ਕਿਸਾਨਾਂ ਨੂੰ ਕਰਜ਼ਾ ਮੋੜਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਸਹਿਕਾਰੀ ਖੇਤੀਬਾੜੀ ਬੈਂਕ ਦੀ ਬਰਾਂਚ ਅੱਗੇ ਰੋਸ ਧਰਨਾ ਦਿੱਤਾ।

ਕਿਸਾਨ ਨੱਛਤਰ ਸਿੰਘ ਤੇ ਇਕਬਾਲ ਸਿੰਘ ਨੇ ਕਿਹਾ ਕਿ ਬੈਂਕ ਨੇ ਬਲੈਂਕ ਚੈੱਕ ਉੱਤੇ ਦਸਖ਼ਤ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤੇ ਹਨ। ਬੈਂਕ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਬੈਂਕ ਦੀ ਇਸ ਧੱਕੇਸ਼ਾਹੀ ਖਿਲਾਫ ਅਦਾਲਤ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਉਹ ਗਰੀਬ ਕਿਸਾਨ ਹਨ ਤੇ ਪੰਜਾਬ ਸਰਕਾਰ ਨੇ ਕਰਜ਼ਾ ਮੁਆਫ ਕਰਨ ਤੇ ਵੀ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ।

ਦੂਜੇ ਪਾਸੇ ਬੈਂਕ ਦੇ ਅਸਿਸਟੈਂਟ ਜਨਰਲ ਮਨੈਜਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਕਰੀਬ 1400 ਕਿਸਾਨਾਂ ਤੇ ਬੈਂਕ ਦਾ 27 ਕਰੋੜ 36 ਲੱਖ ਦੇ ਕਰੀਬ ਕਰਜ਼ਾ ਹੈ। ਇਸ ਤਹਿਤ ਹੀ ਨੋਟਿਸ ਰਾਹੀਂ ਕਿਸਾਨਾਂ ਨੂੰ ਬੈਂਕ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਕਿਸਾਨਾਂ ਨੇ ਟਰੈਟਕਰ, ਟਰਾਲੀ ਜਾ ਕੋਈ ਖੇਤੀ ਦੇ ਇਸਤੇਮਾਲ ਲਈ ਲਿਆ ਹੈ, ਜਿਹੜਾ ਕਿ ਸਰਕਾਰੀ ਦੀ ਕਰਜ਼ਾ ਮੁਆਫੀ ਦੀ ਸਕੀਮ ਵਿੱਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਨਾ ਹੀ ਸਰਕਾਰ ਨੇ ਕਰਜ਼ਾ ਮੁਆਫ ਕਰਨ ਲਈ ਕੋਈ ਨੋਟਿਸ ਜਾਰੀ ਕੀਤਾ ਹੈ।