PM Kisan Rin Portal: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨ ਲੋਨ ਪੋਰਟਲ (ਕੇਆਰਪੀ) ਲਾਂਚ ਕੀਤਾ ਹੈ। ਇਹ ਪੋਰਟਲ ਕਈ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਹ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਤਹਿਤ ਕ੍ਰੈਡਿਟ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰੇਗਾ। ਇਹ ਡਿਜੀਟਲ ਪਲੇਟਫਾਰਮ ਕਿਸਾਨਾਂ ਦੇ ਡੇਟਾ, ਕਰਜ਼ੇ ਦੀ ਵੰਡ ਦੀ ਜਾਣਕਾਰੀ, ਵਿਆਜ ਸਹਾਇਤਾ ਤੇ ਯੋਜਨਾ ਦੀ ਪ੍ਰਗਤੀ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।
ਜਾਣੋ ਕੀ ਹੈ ਪੂਰੀ ਯੋਜਨਾ
KCC ਲੋਨ ਖਾਤਾਧਾਰਕਾਂ ਨਾਲ ਸਬੰਧਤ ਜਾਣਕਾਰੀ ਹੁਣ ਕਿਸਾਨ ਲੋਨ ਪੋਰਟਲ 'ਤੇ ਇੱਕ ਵਿਆਪਕ ਰੂਪ ਵਿੱਚ ਆਸਾਨੀ ਨਾਲ ਉਪਲਬਧ ਹੋਵੇਗੀ। ਇਹ ਸਹੂਲਤ ਪਹਿਲਾਂ ਨਹੀਂ ਸੀ। ਇਸ ਦੇ ਨਾਲ ਹੀ ਆਧਾਰ ਰਾਹੀਂ ਸਾਰੇ ਕੇਸੀਸੀ ਖਾਤਾਧਾਰਕਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਨਾਲ ਯੋਗ ਕਿਸਾਨਾਂ ਨੂੰ ਕਰਜ਼ਾ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਸ ਪੋਰਟਲ ਰਾਹੀਂ ਲਾਭਪਾਤਰੀ ਨੂੰ ਵਿਆਜ ਸਹਾਇਤਾ ਕਲੇਮ ਦੀ ਅਦਾਇਗੀ ਸਿੱਧੇ ਤੌਰ 'ਤੇ ਪਹੁੰਚਾਉਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਸਰਕਾਰ ਇਸ ਪੋਰਟਲ ਰਾਹੀਂ ਸਕੀਮ ਦੇ ਲਾਭਪਾਤਰੀਆਂ ਤੇ ਡਿਫਾਲਟਰ ਕਿਸਾਨਾਂ ਦਾ ਮੁਲਾਂਕਣ ਕਰਨ ਦੇ ਯੋਗ ਹੋਵੇਗੀ।
ਇਸ ਦੇ ਨਾਲ ਹੀ ''ਘਰ-ਘਰ ਕੇਸੀਸੀ ਮੁਹਿੰਮ'' ਸ਼ੁਰੂ ਕੀਤੀ ਗਈ ਹੈ। ਇਹ ਭਾਰਤ ਦੇ ਸਾਰੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਯੋਜਨਾ ਦੇ ਲਾਭ ਪ੍ਰਦਾਨ ਕਰਨ ਲਈ ਇੱਕ ਉਤਸ਼ਾਹੀ ਮੁਹਿੰਮ ਹੈ। ਇਸ ਮੁਹਿੰਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਿਸਾਨ ਨੂੰ ਕਰਜ਼ੇ ਦੀਆਂ ਸੁਵਿਧਾਵਾਂ ਤੱਕ ਨਿਰਵਿਘਨ ਪਹੁੰਚ ਮਿਲੇ ਤਾਂ ਜੋ ਉਨ੍ਹਾਂ ਦੇ ਖੇਤੀਬਾੜੀ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਦੇਸ਼ 'ਚ ਕਿੰਨੇ KCC ਖਾਤੇ
ਦੱਸ ਦੇਈਏ ਕਿ 30 ਮਾਰਚ, 2023 ਤੱਕ, ਲਗਪਗ 7.35 ਕਰੋੜ KCC ਖਾਤੇ ਹਨ, ਜਿਨ੍ਹਾਂ ਦੀ ਕੁੱਲ ਮਨਜ਼ੂਰ ਰਕਮ 8.85 ਲੱਖ ਕਰੋੜ ਰੁਪਏ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਸਰਕਾਰ ਨੇ ਚਾਲੂ ਵਿੱਤੀ ਸਾਲ ਵਿੱਚ ਅਪ੍ਰੈਲ-ਅਗਸਤ ਦੌਰਾਨ ਰਿਆਇਤੀ ਵਿਆਜ ਦਰਾਂ 'ਤੇ 6,573.50 ਕਰੋੜ ਰੁਪਏ ਦਾ ਖੇਤੀ ਕਰਜ਼ਾ ਵੰਡਿਆ ਹੈ। KCC ਦੇ ਲਾਭਾਂ ਨੂੰ ਵਧਾਉਣ ਲਈ ਘਰ-ਘਰ ਮੁਹਿੰਮ ਕੇਂਦਰੀ ਸਕੀਮ 'PM-KISAN' ਦੇ ਗੈਰ-KCC ਧਾਰਕਾਂ ਤੱਕ ਪਹੁੰਚ ਕਰੇਗੀ।
ਇਸ ਤੋਂ ਇਲਾਵਾ ਵਿੰਡਸ ਮੈਨੂਅਲ ਵੀ ਦਿੱਤਾ ਗਿਆ ਹੈ। ਇਹ ਮੌਸਮ ਸੂਚਨਾ ਨੈੱਟਵਰਕ ਡਾਟਾ ਸਿਸਟਮ (WINDS) ਪਹਿਲਕਦਮੀ ਦੇ ਪ੍ਰਭਾਵ ਨੂੰ ਵਧਾਉਂਦਾ ਹੈ।