ਚੰਡੀਗੜ੍ਹ: ਬੈਂਕ ਡਿਫ਼ਾਲਟਰ ਕਰਾਰ ਦਿੱਤੇ ਗਏ ਅਕਾਲੀ ਲੀਡਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਨੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦਾ ਕਰਜ਼ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਕੋਲਿਆਂਵਾਲੀ ਵੱਲ ਬੈਂਕ ਦਾ 1 ਕਰੋੜ ਤੋਂ ਵੱਧ ਬਕਾਇਆ ਸੀ। ਅੱਜ ਉਨ੍ਹਾਂ 90 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ।

 

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨੀਂ 'ਏਬੀਪੀ ਸਾਂਝਾ' 'ਤੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਕੋਲਿਆਂਵਾਲੀ ਨੇ 10 ਦਿਨਾਂ ਅੰਦਰ ਕਰਜ਼ ਨਾ ਅਦਾ ਕੀਤਾ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਸੋਮਵਾਰ ਅਕਾਲੀ ਲੀਡਰ ਨੇ 30 ਲੱਖ ਰੁਪਏ ਨਕਦ ਤੇ 30-30 ਲੱਖ ਦੇ ਦੋ ਚੈੱਕ ਹੋਰ ਭੇਜੇ ਬੈਂਕ ਨੂੰ ਭੇਜ ਦਿੱਤੇ ਹਨ।

'ਏਬੀਪੀ ਸਾਂਝਾ' ਨੇ ਕੋਲਿਆਂਵਾਲੀ ਨੂੰ ਸਵਾਲ ਪੁੱਛਿਆ ਸੀ ਤਾਂ ਉਨ੍ਹਾਂ ਆਪਣੇ ਨਾਂ ਨਾਲ ਡਿਫਾਲਟਰ ਲੱਗਣ 'ਤੇ ਕੋਈ ਇਤਰਾਜ਼ ਨਹੀਂ ਸੀ ਪ੍ਰਗਟ ਕੀਤਾ। ਆਪਣੇ ਖਾਸ-ਮ-ਖਾਸ ਦੇ ਬੈਂਕ ਡਿਫਾਲਟਰ ਹੋਣ ਬਾਰੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਆਪਣੇ ਅੰਦਾਜ਼ 'ਚ ਕਿਹਾ ਕਿ ਮੈਨੂੰ ਕੀ ਪਤਾ ਉਨ੍ਹਾਂ ਕੋਈ ਕਰਜ਼ਾ ਲਿਆ ਹੈ, ਪਰ ਜੇ ਮੇਰੇ ਉਤੇ ਕੋਈ ਕਰਜ਼ਾ ਹੈ ਤਾਂ ਦੱਸੋ।

ਕੈਬਨਿਟ ਮੰਤਰੀ ਰੰਧਾਵਾ ਨੇ ਬੀਤੀ ਦੋ ਮਈ ਨੂੰ ਕਿਸਾਨਾਂ ਦਾ ਤਿੰਨ ਹਜ਼ਾਰ ਰੁਪਏ ਦਾ ਕੋਆਪ੍ਰੇਟਿਵ ਬੈਂਕਾਂ ਤੋਂ ਲਿਆ ਕਰਜ਼ ਮੁਆਫ਼ ਕਰਨ ਦੇ ਐਲਾਨ ਦੇ ਨਾਲ ਕਿਹਾ ਸੀ ਕਿ ਬੈਂਕ ਮੈਨੇਜਰਾਂ ਤੇ ਸਿਆਸਤਦਾਨਾਂ ਦਾ ਜੰਜਾਲ ਤੋੜਿਆ ਜਾਵੇਗਾ ਤੇ ਹਰ ਮਹੀਨੇ 20 ਵੱਡੇ ਡਿਫਾਲਟਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਮੰਤਰੀ ਨੇ ਕਿਹਾ ਸੀ ਕਿ ਡਿਫਾਲਟਰ ਲਿਸਟ ਬਹੁਤ ਲੰਮੀ ਹੈ। ਉਨ੍ਹਾਂ ਇਸ਼ਾਰਾ ਕੀਤਾ ਸੀ ਕਿ ਇਸ ਲਿਸਟ ਵਿੱਚ ਜ਼ਿਆਦਾਤਰ ਡਿਫਾਲਟਰ ਸਿਆਸੀ ਲੋਕ ਹੀ ਹਨ। ਕੋਲਿਆਂਵਾਲੀ 'ਤੇ ਸਫ਼ਲਤਾ ਮਿਲਣ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕਿਹੜੇ ਵੱਡੇ ਡਿਫਾਲਟਰ 'ਤੇ ਕੀਤੀ ਜਾਵੇਗੀ।