ਫ਼ਰੀਦਕੋਟ: ਇਕੱਲੇ ਇੱਥੇ ਨਹੀਂ ਪੰਜਾਬ ਦੀਆਂ ਕਈ ਅਨਾਜ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਪਏ ਹਨ। ਚੁਕਾਈ ਨਾ ਹੋਣ ਤੇ ਕਣਕ ਦੀ ਹੋਰ ਆਮਦ ਕਾਰਨ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਸੁੱਟਣ ਲਈ ਥਾਂ ਨਹੀਂ ਮਿਲ ਰਹੀ ਪਰ ਫ਼ਰੀਦਕੋਟ ਵਿੱਚ ਚੁਕਾਈ ਨਾ ਹੋਣ ਦਾ ਕਾਰਨ ਸਿਆਸੀ ਰੰਜਿਸ਼ ਹੈ।

 

ਕਿਸਾਨ ਦੱਸਦੇ ਹਨ ਕਿ ਲਿਫ਼ਟਿੰਗ ਦਾ ਠੇਕਾ ਵਿਰੋਧੀ ਪਾਰਟੀ ਦੇ ਬੰਦੇ ਕੋਲ ਹੈ ਤੇ ਹੁਣ ਉਸ ਨੂੰ ਲਿਫ਼ਟਿੰਗ ਲਈ ਕੋਈ ਆਪਣੇ ਵਾਹਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰੰਜਿਸ਼ ਦਾ ਖਾਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਸੱਤਾਧਾਰੀ ਵਿਧਾਇਕ ਨੇ ਧੱਕੇਸ਼ਾਹੀ ਕੀਤੀ ਪਰ ਹਾਈਕੋਰਟ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਨੂੰ ਲਿਫ਼ਟਿੰਗ ਦਾ ਠੇਕਾ ਮਿਲ ਗਿਆ। ਉਨ੍ਹਾਂ ਦੱਸਿਆ ਕਿ ਟੈਂਡਰ ਖੁੱਸਣ ਤੋਂ ਬਾਅਦ ਹੁਣ ਉਹ ਟ੍ਰਾਂਸਪੋਰਟਰਾਂ 'ਤੇ ਦਬਾਅ ਪਾ ਕੇ ਮੰਡੀ ਵਿੱਚੋਂ ਚੁਕਾਈ ਦਾ ਕੰਮ ਰੋਕ ਰਿਹਾ ਹੈ।

ਫ਼ਰੀਦਕੋਟ ਮੰਡੀ ਵਿੱਚ ਪਿਛਲੇ ਪੰਜ ਦਿਨਾਂ ਤੋਂ ਕਣਕ ਦੀ ਖ਼ਰੀਦ ਜਾਰੀ ਹੈ। ਅੰਕੜੇ ਦੱਸਦੇ ਹਨ ਕਿ ਇਸ ਸਮੇਂ ਦੌਰਾਨ ਡੇਢ ਲੱਖ ਬੋਰੀ ਕਣਕ ਖਰੀਦ ਲਈ ਹੈ ਪਰ ਸਿਰਫ਼ 5 ਫ਼ੀਸਦੀ ਮਾਲ ਦੀ ਚੁਕਾਈ ਹੋਈ ਹੈ, ਜਦਕਿ ਬਾਕੀ ਜਿਣਸ ਮੰਡੀ ਵਿੱਚ ਹੀ ਪਈ ਹੈ।

ਮੰਡੀ ਵਿੱਚ ਲਿਫ਼ਟਿੰਗ ਨਾ ਹੋਣ ਬਾਰੇ ਫ਼ਰੀਦਕੋਟ ਦੇ ਐਸਡੀਐਮ ਗੁਰਜੀਤ ਸਿੰਘ ਨੇ ਦੱਸਿਆ ਕਿ ਟ੍ਰਾਂਸਪੋਰਟੇਸ਼ਨ ਸਬੰਧੀ ਕੁਝ ਸਮੱਸਿਆਵਾਂ ਸਨ, ਜਿਨ੍ਹਾਂ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕਣਕ ਦੀ ਲਿਫ਼ਟਿੰਗ ਛੇਤੀ ਹੀ ਸ਼ੁਰੂ ਹੋ ਜਾਵੇਗੀ।