ਨਵੀਂ ਦਿੱਲੀ: ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਦੋ ਦਿਨ ਸੰਘਣੀ ਧੁੰਦ ਦਾ ਕਹਿਰ ਰਹੇਗਾ। ਮੌਸਮ ਵਿਭਾਗ ਮੁਤਾਬਕ ਅੱਜ ਤੇ ਭਲਕੇ ਭਾਵ 15 ਫ਼ਰਵਰੀ ਤੱਕ ਸਵੇਰ ਵੇਲੇ ਦਰਮਿਆਨੀ ਤੋਂ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਬਾਅਦ ’ਚ ਧੁੰਦ ਘਟਣੀ ਸ਼ੁਰੂ ਹੋ ਜਾਵੇਗੀ। ਸਕਾਈਮੈੱਟ ਦੇ ਮਹੇਸ਼ ਪਹਿਲਾਵਤ ਅਨੁਸਾਰ ਤਾਪਮਾਨ ਘੱਟ ਹੋਣ ਤੇ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਵੀ ਧੁੰਦ ਕੁਝ ਜ਼ਿਆਦਾ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਦੂਸ਼ਣ ਵੀ ਵਧ ਗਿਆ ਹੈ।
ਅਗਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੁੱਲ ਮਿਲਾ ਕੇ ਮੌਸਮ ਸਾਫ਼ ਤੇ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਉਂਝ 16 ਫ਼ਰਵਰੀ ਤੋਂ ਦੇਸ਼ ਦੇ ਕੁਝ ਹਿੱਸਿਆਂ, ਖ਼ਾਸ ਕਰਕੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਵਿਦਰਭ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਦਿੱਲੀ ’ਚ ਅੱਜ ਐਤਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ ਤੇ ਸਾਰਾ ਦਿਨ ਅੰਸ਼ਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਕੱਲ੍ਹ ਸਨਿੱਚਰਵਾਰ ਨੂੰ ਵੀ ਸੰਘਣੀ ਧੁੰਦ ਛਾਈ ਰਹੀ ਸੀ ਤੇ ਸਵੇਰੇ ਸਾਢੇ ਅੱਠ ਵਜੇ ਸਫ਼ਦਰਜੰਗ ਵਿੱਚ ਵਿਜ਼ੀਬਿਲਿਟੀ ਘਟ ਕੇ 50 ਮੀਟਰ ਤੇ ਪਾਲਮ ਵਿੱਚ 250 ਮੀਟਰ ਰਹਿ ਗਈ ਸੀ।
ਮੌਸਮ ਵਿਭਾਗ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਨਿੱਚਰਵਾਰ ਸਵੇਰੇ ਘੱਟ ਤੋਂ ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 12 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਕੱਲ੍ਹ ਸਨਿੱਚਰਵਾਰ ਨੂੰ ਹਵਾ ਦਾ ਮਿਆਰ ‘ਬਹੁਤ ਖ਼ਰਾਬ’ ਵਰਗ ਵਿੱਚ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Happy Valentine’s Day 2021: 14 ਫ਼ਰਵਰੀ ਨੂੰ ਕਿਉਂ ਮਨਾਇਆ ਜਾਂਦਾ ‘ਵੈਲੇਂਟਾਈਨ ਡੇਅ’…?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin