ਚੰਡੀਗੜ੍ਹ: ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ (JP Dalal) ਦਾ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਬਾਰੇ ਵਿਵਾਦਗ੍ਰਸਤ ਬਿਆਨ ਸਾਹਮਣੇ ਆਇਆ ਹੈ। ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ (Deependra Singh Hudda) ਨੇ ਟਵੀਟ ਕਰਕੇ ਮੰਤਰੀ ਦੀ ਵੀਡੀਓ ਸ਼ੇਅਰ ਕੀਤੀ ਹੈ। ਹੁੱਡਾ ਨੇ ਕਿਹਾ ਕਿ ਹਰਿਆਣਾ ਦੇ ਖੇਤਰੀ ਮੰਤਰੀ ਜੇਪੀ ਦਲਾਲ ਸਾਹਿਬ, ਉਹ ਜੋ ਚਲੇ ਗਏ, ਉਹ ਕਿਸਾਨ ਵੀ ਕਿਸੇ ਦੇ ਲਾਲ ਸਨ।
ਦਰਅਸਲ, ਪੱਤਰਕਾਰਾਂ ਨੇ ਜਦੋਂ ਮੰਤਰੀ (Haryana Agriculture Minister) ਤੋਂ ਦਿੱਲੀ ਦੀਆਂ ਸੀਮਾਵਾਂ ਉੱਤੇ ਅੰਦੋਲਨ ਦੌਰਾਨ ਕਥਿਤ ਤੌਰ ਉੱਤੇ 200 ਕਿਸਾਨਾਂ ਦੀ ਮੌਤ ਬਾਰੇ ਸੁਆਲ ਪੁੱਛਿਆ, ਤਾਂ ਉਨ੍ਹਾਂ ਤੁਰੰਤ ਜਵਾਬ ਦਿੱਤਾ ਕਿ ਜੇ ਉਹ ਆਪਣੇ ਘਰਾਂ ’ਚ ਹੁੰਦੇ, ਤਾਂ ਕੀ ਉਹ ਨਾ ਮਰਦੇ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਸਾਰੇ ਕਿਸਾਨ ਦਿਲ ਦਾ ਦੌਰਾ ਪੈਣ, ਬੁਖ਼ਾਰ ਤੇ ਅਜਿਹੇ ਕੁਝ ਹੋਰ ਕਾਰਨਾਂ ਕਰਕੇ ਮਰੇ ਹਨ।
ਖੇਤੀ ਮੰਤਰੀ ਮੁਤਾਬਕ ਦੇਸ਼ ਵਿੱਚ ਜੇ ਔਸਤਨ ਮੌਤਾਂ ਨੂੰ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਨਾਲ ਮਿਲਾਇਆ ਜਾਵੇ, ਤਾਂ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।
ਜਦੋਂ ਮੰਤਰੀ ਤੋਂ ਪੁੱਛਿਆ ਗਿਆ ਕਿ ਕੀ ਕਿਸਾਨ ਅੰਦੋਲਨ ’ਚ ਮਾਰੇ ਗਏ ਲੋਕਾਂ ਪ੍ਰਤੀ ਉਨ੍ਹਾਂ ਦੀ ਕੋਈ ਸੰਵੇਦਨਾ ਨਹੀਂ, ਤਾਂ ਉਨ੍ਹਾਂ ਕਿਹਾ ਕਿ ਦੇਸ਼ ਸਾਰੇ 135 ਕਰੋੜ ਲੋਕਾਂ ਪ੍ਰਤੀ ਉਨ੍ਹਾਂ ਦੀਆਂ ਸੰਵੇਦਨਾਵਾਂ ਹਨ।
ਅਜਿਹੇ ਗੰਭੀਰ ਸੁਆਲਾਂ ਦੌਰਾਨ ਜੇਪੀ ਦਲਾਲ ਮੁਸਕਰਾਉਂਦੇ ਰਹੇ ਤੇ ਉਨ੍ਹਾਂ ਨਾਲ ਬੈਠੇ ਲੋਕ ਉੱਚੀ-ਉੱਚੀ ਹੱਸਦੇ ਵੀ ਰਹੇ। ਮੰਤਰੀ ਨੇ ਇਹ ਵੀ ਕਿਹਾ ਕਿ ਆਮ ਕਿਸਾਨ ਭੋਲਾ-ਭਾਲਾ ਹੈ, ਕੁਝ ਲੋਕਾਂ ਨੂੰ ਉਕਸਾ ਕੇ ਲਿਜਾਂਦਾ ਗਿਆ ਤੇ ਕੁਝ ਨੂੰ ਜ਼ਬਰਦਸਤੀ; ਕੁਝ ਦਿਨਾਂ ’ਚ ਇਹ ਸ਼ਾਂਤ ਹੋ ਜਾਣਗੇ।