ਆਸਮਾਨੀ ਚੜ੍ਹੇ ਪਿਆਜ਼ ਨੂੰ ਥੱਲੇ ਉਤਾਰਨ ਲਈ ਨਵਾਂ ਫੈਸਲਾ..
ਏਬੀਪੀ ਸਾਂਝਾ | 23 Nov 2017 10:38 AM (IST)
ਨਵੀਂ ਦਿੱਲੀ: ਭਾਰਤੀ ਧਾਤ ਤੇ ਖਣਿਜ ਵਪਾਰ ਨਿਗਮ (ਐਮਐਮਟੀਸੀ) ਵੱਲੋਂ ਦੋ ਹਜ਼ਾਰ ਟਨ ਪਿਆਜ਼ ਦਰਾਮਦ ਕੀਤੇ ਜਾਣਗੇ ਜਦੋਂਕਿ ਨੈਫਡ ਤੇ ਐਸਐਫਏਸੀ ਵੱਲੋਂ ਸਥਾਨਕ ਪੱਧਰ ’ਤੇ 12 ਹਜ਼ਾਰ ਟਨ ਪਿਆਜ਼ ਖਰੀਦੇ ਜਾਣਗੇ ਤਾਂ ਜੋ ਸਪਲਾਈ ’ਚ ਸੁਧਾਰ ਲਿਆ ਕੇ ਕੀਮਤਾਂ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਪ੍ਰਤੀ ਟਨ ਪਿਆਜ਼ ਉਤੇ ਘੱਟੋ ਘੱਟ ਬਰਾਮਦ ਮੁੱਲ (ਐਮਈਪੀ) 700 ਡਾਲਰ ਮੁੜ ਲਾਏ ਜਾਣ ਲਈ ਵਣਜ ਮੰਤਰਾਲੇ ਨੂੰ ਲਿਖਿਆ ਹੈ। ਐਮਈਪੀ ਦਸੰਬਰ 2015 ਵਿੱਚ ਹਟਾਇਆ ਗਿਆ ਸੀ। ਸਪਲਾਈ ਘਟਣ ਕਾਰਨ ਜ਼ਿਆਦਾਤਰ ਪਰਚੂਨ ਬਾਜ਼ਾਰਾਂ ਵਿੱਚ ਪਿਆਜ਼ 50 ਤੋਂ 65 ਰੁਪਏ ਕਿਲੋ ਵਿਕ ਰਿਹਾ ਹੈ। ਪਾਸਵਾਨ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਨੈਫਡ (ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ) ਨੂੰ 10 ਹਜ਼ਾਰ ਟਨ ਅਤੇ ਐਸਐਫਏਸੀ (ਸਮਾਲ ਫਾਰਮਰਜ਼ ਐਗਰੀਕਲਚਰ-ਬਿਜ਼ਨਸ ਕੰਸੋਰਟੀਅਮ) ਨੂੰ ਤਕਰੀਬਨ ਦੋ ਹਜ਼ਾਰ ਟਨ ਪਿਆਜ਼ ਕਿਸਾਨਾਂ ਤੋਂ ਸਿੱਧਾ ਖਰੀਦਣ ਅਤੇ ਖਪਤ ਵਾਲੇ ਇਲਾਕਿਆਂ ਵਿੱਚ ਵੇਚਣ ਲਈ ਕਿਹਾ ਹੈ। ਅਸੀਂ ਐਮਐਮਟੀਸੀ ਨੂੰ ਦੋ ਹਜ਼ਾਰ ਟਨ ਪਿਆਜ਼ ਦਰਾਮਦ ਕਰਨ ਲਈ ਵੀ ਕਿਹਾ ਹੈ।’ ਜ਼ਿਕਰਯੋਗ ਹੈ ਕਿ ਅਗਸਤ ਬਾਅਦ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਸਨ ਪਰ ਹੁਣ ਭਾਅ ਆਸਮਾਨੀ ਚੜ੍ਹ ਗਏ ਹਨ, ਜਿਸ ਕਾਰਨ ਸਰਕਾਰ ਨੂੰ ਸਪਲਾਈ ਵਿੱਚ ਸੁਧਾਰ ਅਤੇ ਭਾਅ ਨੂੰ ਕੰਟਰੋਲ ਕਰਨ ਲਈ ਯਤਨ ਕਰਨੇ ਪੈ ਰਹੇ ਹਨ।