ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਸ਼ਨ 2019 ਲਈ ਕਿਸਾਨਾਂ 'ਤੇ ਡੋਰੇ ਪਾਉਣ ਅੱਜ ਪੰਜਾਬ ਪਹੁੰਚ ਰਹੇ ਹਨ। ਮਲੋਟ ਵਿੱਚ ਹੋ ਰਹੀ ਮੋਦੀ ਦੀ ‘ਕਿਸਾਨ ਕਲਿਆਣ ਰੈਲੀ’ ਵਿੱਚ ਪੰਜਾਬ ਸਣੇ ਤਿੰਨ ਸੂਬਿਆਂ ਦੇ ਕਿਸਾਨ ਇਕੱਠੇ ਕੀਤੇ ਜਾ ਰਹੇ ਹਨ। ਮੋਦੀ ਇਸ ਰੈਲੀ ਵਿੱਚ ਜਿੱਥੇ ਕਿਸਾਨਾਂ ਲਈ ਕੀਤੇ ਕੰਮ ਗਿਣਾਉਣਗੇ, ਉੱਥੇ ਹੀ ਹੋਰ ਵਾਅਦੇ ਵੀ ਕਰਨਗੇ।


 

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਮੋਦੀ ਦੀ ‘ਕਿਸਾਨ ਕਲਿਆਣ ਰੈਲੀ’ ਨਾਲ ਕਿਸਾਨਾਂ ਵਿੱਚ ਆਪਣੀ ਭੱਲ ਬਣਾਉਣ ਦੀ ਕੋਸ਼ਿਸ਼ ਕਰੇਗਾ। ਅਕਾਲੀ ਦਲ ਨੇ ਆਪਣੇ ਉਭਾਰ ਲਈ ਰੈਲੀ ਨੂੰ ਕਾਮਯਾਬ ਕਰਨ ਲਈ ਪੂਰੀ ਵਾਹ ਲਾਈ ਹੈ। ਰੈਲੀ ਦੇ ਪੰਡਾਲ ਵਿੱਚ ਕਰੀਬ 42 ਹਜ਼ਾਰ ਕੁਰਸੀ ਲਾਈ ਗਈ ਹੈ। ਕਰੀਬ 50 ਏਕੜ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਲਈ ਵਾਟਰ ਪਰੂਫ਼ ਏਸੀ ਸਟੇਜ ਬਣਾਈ ਗਈ ਹੈ। ਪੰਡਾਲ ਵਿੱਚ 1500 ਪਾਣੀ ਵਾਲੇ ਪੱਖੇ ਲਾਏ ਗਏ ਹਨ ਤੇ ਹਰ ਵਿਅਕਤੀ ਨੂੰ ਕੁਰਸੀ ਤੇ ਬੋਤਲ ਵਾਲਾ ਪਾਣੀ ਦਿੱਤਾ ਜਾਣਾ ਹੈ। ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਹਨ।

ਯਾਦ ਰਹੇ ਅਕਾਲੀ ਦਲ ਦਾ ਜ਼ਿਆਦਾਤਰ ਵੋਟ ਬੈਂਕ ਕਿਸਾਨ ਵਰਗ ਹੀ ਹੈ। ਪਿਛਲੇ ਸਮੇਂ ਵਿੱਚ ਇਸ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਾ ਹੈ। ਇਸ ਲਈ ਅਕਾਲੀ ਦਲ ਮੋਦੀ ਦੀ ਰੈਲੀ ਨਾਲ ਮੁੜ ਕਿਸਾਨਾਂ ਨੂੰ ਨੇੜੇ ਲਾਉਣ ਦੀ ਤਿਆਰੀ ਵਿੱਚ ਹੈ। ਖਾਸ ਗੱਲ਼ ਇਹ ਵੀ ਹੈ ਕਿ ਇਸ ਵੇਲੇ ਕਿਸਾਨ ਵਰਗ ਕੈਪਟਨ ਸਰਕਾਰ ਤੋਂ ਵੀ ਔਖਾ ਹੈ। ਇਸ ਲਈ ਅਕਾਲੀ ਦਲ ਇਸ ਨੂੰ ਚੰਗਾ ਮੌਕਾ ਸਮਝ ਕੇ ਆਪਣੀਆਂ ਜੜ੍ਹਾ ਮਜ਼ਬੂਤ ਕਰਨ ਦੇ ਰੌਂਅ ਵਿੱਚ ਹੈ।