ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਹਵਾਵਾਂ ਲਗਾਤਾਰ ਮੀਂਹ ਵਰ੍ਹਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਪੰਜਾਬ-ਹਰਿਆਣਾ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ ਅਤੇ ਇਹ ਦਸਤੂਰ ਅੱਜ ਵੀ ਜਾਰੀ ਰਹਿ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਵੀ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਆਈਐਮਡੀ ਮੁਤਾਬਕ ਅੱਜ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਸਿੱਕਿਮ, ਅਸਮ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਰਸਾਤ ਸੰਭਵ ਹੈ। ਬੀਤੇ ਦਿਨੀਂ ਪਏ ਮੀਂਹ ਕਾਰਨ ਜਿੱਥੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਉੱਥੇ ਹੀ ਹੁੰਮਸ ਵਿੱਚ ਵਾਧਾ ਵੀ ਹੋਇਆ ਹੈ। ਪੰਜਾਬ ਵਿੱਚ ਅੱਜ ਤੜਕੇ ਕਈ ਥਾਈਂ ਨਮੀ ਇੰਨੀ ਸੀ ਕਿ ਵਾਤਾਵਰਨ ਧੁੰਦਲਾ ਜਾਪ ਰਿਹਾ ਸੀ।
ਦਿੱਲੀ ‘ਚ ਸਰਪਲੱਸ ਬਰਸਾਤ
ਮਾਨਸੂਨ ਦੀ ਵਾਪਸੀ ਨਾਲ ਕੌਮੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਹੁਣ ਤੱਕ 21 ਫ਼ੀਸਦ ਸਰਪਲੱਸ ਬਾਰਿਸ਼ ਹੋਈ ਹੈ। ਪਹਿਲੀ ਜੂਨ ਤੋਂ 22 ਅਗਸਤ ਦਰਮਿਆਨ ਕੌਮੀ ਰਾਜਧਾਨੀ ਵਿੱਚ ਆਮ ਤੌਰ ‘ਤੇ ਔਸਤਨ 422.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ, ਜੋ ਕਿ ਇਸ ਵਾਰ 511.1 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ। ਸੋਮਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਅਤੇ ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚਣ ਦੀ ਸੰਭਾਵਨਾ ਹੈ।