ਚੰਡੀਗੜ੍ਹ: ਕੌਮਾਂਤਰੀ ਕਾਨਫਰੰਸ 'ਹਾਰਟ ਆਫ ਏਸ਼ੀਆ' ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਸ਼ਨਿਚਰਵਾਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਣਗੇ। ਇਸ ਤੋਂ ਇਲਾਵਾ 40 ਦੇਸ਼ਾਂ ਤੋਂ ਪ੍ਰਤੀਨਿਧੀ ਵੀ ਸ਼ਿਰਕਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਪੰਜਾਬੀ ਵਿਰਸੇ ਨੂੰ ਨੇੜਿਓਂ ਦੇਖਣ ਲਈ 12 ਏਕੜ 'ਚ ਫ਼ੈਲੇ 'ਸਾਡਾ ਪਿੰਡ' ਵਿਚ ਵੀ ਵਿਚਰਣਗੇ। ਖਾਣੇ 'ਚ ਉਨ੍ਹਾਂ ਲਈ ਸਰ੍ਹੋਂ ਦਾ ਸਾਗ ਅਤੇ ਲੰਗਰ ਵਾਲੀ ਦਾਲ ਵਿਸ਼ੇਸ਼ ਤੌਰ 'ਤੇ ਪਰੋਸੀ ਜਾਵੇਗੀ। 40 ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਵੀ ਪੰਜਾਬ ਦੇ ਦੇਸੀ ਵਿਅੰਜਨਾਂ ਦਾ ਸਵਾਦ ਚੱਖਣ ਨੂੰ ਮਿਲੇਗਾ। ਇਸ ਦਾ ਜ਼ਿੰਮਾ ਛੇਹਰਟਾ ਬਾਈਪਾਸ 'ਤੇ ਸਥਿਤ 'ਸਾਡਾ ਪਿੰਡ' ਨੂੰ ਸੌਂਪਿਆ ਗਿਆ ਹੈ। ਤਿੰਨ ਦਸੰਬਰ ਨੂੰ ਡਿਨਰ ਦੀ ਮੇਜ਼ਬਾਨੀ ਨਹੀ 'ਸਾਡਾ ਪਿੰਡ' ਤਿਆਰ ਹੋ ਚੁੱਕਾ ਹੈ। ਦੋ ਦਿਨਾਂ ਕਾਨਫਰੰਸ ਚ ਸ਼ਾਮਿਲ ਹੋਣ ਵਾਲੇ ਸਾਰੇ ਮਹਿਮਾਨ ਗੁਰੂ ਨਗਰੀ ਤੋਂ ਵੀ ਵਾਕਫ ਹੋਣਗੇ। ਅਗਲੇ ਦਿਨ ਪ੍ਰਧਾਨ ਮੰਤਰੀ ਪ੍ਰਤੀਨਿਧੀਆਂ ਸਮੇਤ ਹੈਰੀਟੇਜ ਸਟਰੀਟ ਦੀ ਸੈਰ ਕਰਨਗੇ। ਏਅਰਪੋਰਟ ਤੋਂ ਲੈ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੱਕ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਹ ਸਾਰਾ ਰਸਤਾ ਸਫਾਈ ਨਾਲ ਭਰਪੂਰ ਕੀਤਾ ਗਿਆ ਅਤੇ ਰਾਤ ਦੇ ਦ੍ਰਿਸ਼ ਨੂੰ ਹੋਰ ਸੁੰਦਰ ਬਣਾਉਣ ਲਈ ਚਮਕਦੀਆਂ ਲਾਈਟਾਂ ਨਾਲ ਰੁਸ਼ਨਾਇਆ ਗਿਆ ਹੈ। ਹਾਲ ਗੇਟ ਤੋਂ ਲੈ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੱਕ ਵੱਖਰੀ ਦਿੱਖ ਤਿਆਰ ਕੀਤੀ ਗਈ ਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਗਨੀ 3 ਦਸੰਬਰ ਦੀ ਰਾਤ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਵਿਰਾਸਤੀ ਪਿੰਡ 'ਚ ਆਏ ਮਹਿਮਾਨਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ।