ਚੰਡੀਗੜ੍ਹ : ਚੈਂਪੀਅਨਸ਼ਿਪ ਅਤੇ ਲਾਈਵ ਸਟਾਕ ਐਕਸਪੋ-2016 ਦੌਰਾਨ ਅੱਜ ਪਹਿਲੇ ਦਿਨ ਕਰਵਾਏ ਗਏ ਡਾਗ ਸ਼ੋਅ 'ਚ 40 ਲੱਖ ਦੇ ਬੁਲੀ ਨਸਲ ਦਾ ਕੁੱਤਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ। ਇਹ ਕੁੱਤਾ ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਹਰਪਾਲ ਸਿੰਘ ਲੈਕੇ ਆਇਆ ਸੀ। ਮਾਲਕਾ ਨੇ ਕਿਹਾ ਕਿ ਕੁੱਤੇ ਦੀ ਖ਼ੁਰਾਕ ਦਾ ਵੀ ਬਹੁਤ ਵੱਡਾ ਖ਼ਰਚ ਹੈ।


ਇਸ ਤੋਂ ਇਲਾਵਾ ਵੱਖ-ਵੱਖ ਕਿਸਮਾਂ ਦੇ ਕੁੱਤੇ ਮੇਲੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਅਤੇ ਉਚੀ ਕੀਮਤ ਦੇ ਕੁੱਤੇ ਵੱਖਰੀ ਹੀ ਤਰ੍ਹਾਂ ਸ਼ਿੰਗਾਰੇ ਹੋਏ ਸਨ। ਇਸੇ ਤਰ੍ਹਾਂ ਕੁੱਤਿਆਂ ਦੇ ਫੈਂਸੀ ਡ੍ਰੈਸ ਮੁਕਾਬਲੇ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ।

ਡਾ: ਕੀਰਤੀ ਦੂਆ ਨੇ ਕਿਹਾ ਕਿ ਜਾਨਵਰਾਂ 'ਚੋਂ ਨਸਲਾਂ ਪੱਖੋਂ ਕੁੱਤਿਆਂ ਦੀਆਂ ਬਹੁਤ ਜ਼ਿਆਦਾ ਨਸਲਾਂ ਦੁਨੀਆ ਭਰ 'ਚ ਪਾਲੀਆਂ ਜਾਂਦੀਆਂ ਹਨ ਤੇ ਨਸਲ ਦੀ ਚੋਣ ਸ਼ੌਾਕ ਜਾਂ ਕੁੱਤੇ ਤੋਂ ਲਏ ਜਾਣ ਵਾਲੇ ਕੰਮਾਂ, ਸਰੀਰਕ ਬਣਤਰ ਤੇ ਵਿਸ਼ੇਸ਼ਤਾਵਾਂ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੁੱਤਾ ਪਾਲਣ ਦਾ ਕਿੱਤਾ ਇਕ ਵੱਡਾ ਵਪਾਰ ਦਾ ਸਾਧਨ ਬਣ ਕੇ ਉਭਰਿਆ ਹੈ।

ਡਾ: ਚਰਨਜੀਤ ਸਿੰਘ ਰੰਧਾਵਾ ਤੇ ਡਾ: ਜੀ.ਐਸ ਬੇਦੀ ਨੇ ਦੱਸਿਆ ਕਿ ਕੁੱਤਿਆਂ ਦੀਆਂ ਨਸਲਾਂ ਨੂੰ ਮੁੱਖ ਤੌਰ 'ਤੇ 6-7 ਸਮੂਹਾਂ 'ਚ ਵੰਡਿਆ ਗਿਆ ਹੈ, ਜਿਸ ਵਿਚ ਟੋਆਏ, ਸਪੋਰਟਸ, ਵਰਕਿੰਗ ਡਾਗ, ਸ਼ਿਕਾਰੀ, ਸੂਹੀਏ ਕੁੱਤੇ ਆਦਿ ਪ੍ਰਮੁੱਖ ਸਮੂਹ ਹਨ।