ਚੰਡੀਗੜ੍ਹ: ਬੀਤੀ ਸ਼ਾਮ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਸੂਦਾਂ ਵਿੱਚ ਟਰੈਕਟਰ ਹੇਠ ਦਰੜ ਕੇ ਮਾਰੀ ਗਈ ਇਕ ਔਰਤ ਦੀ ਲਾਸ਼ ਨੂੰ ਲੈ ਕੇ ਅੱਜ ਮੱਖੂ ਥਾਣੇ ਮੂਹਰੇ ਲੱਗ-ਭੱਗ ਤਿੰਨ ਘੰਟੇ ਰੋਸਮਈ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਮੰਡ ਅਤੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਮਰਨ ਵਾਲੀ ਔਰਤ ਨਿਰਮਲ ਕੌਰ ਦੇ ਪਤੀ ਮੋਹਰ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੇ ਭਰਾਵਾਂ ਜਿਹਨਾਂ ਵਿੱਚ ਮੌੜ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸੂਦਾਂ ਨਾਲ ਥੋੜੀ ਜਿਹੀ ਜ਼ਮੀਨ ਦਾ ਝਗੜਾ ਸੀ, ਜਿਸ ਵਿੱਚ ਉਸ ਨੇ ਪੱਠੇ ਬੀਜੇ ਹੋਏ ਸਨ, ਪਰ ਉਸਦੇ ਇਹਨਾਂ ਦੋਵਾਂ ਭਰਾਵਾਂ ਨੇ ਕੱਲ ਐਤਵਾਰ ਸ਼ਾਮ ਲਗ ਭਗ 5:30 ਵਜੇ ਬਖਸ਼ੀਸ਼ ਸਿੰਘ ਸਰਪੰਚ ਪਿੰਡ ਸੂਦਾਂ ਨੇ ਲਾਇਸੰਸੀ ਪਿਸਤੌਲ ਨਾਲ ਲੈ ਕੇ ਪੱਠਿਆਂ ਨੂੰ ਵਾਹੁਣ ਲਈ ਮਹਿੰਦਰਾ ਟਰੈਕਟਰ 495 ’ਤੇ ਆ ਗਏ। ਉਸਨੂੰ ਪਤਾ ਲੱਗਣ ਤੇ ਉਹ ਮੌਕੇ ਤੇ ਪਹੁੰਚ ਕੇ ਜਦੋਂ ਪੱਠੇ ਵਾਹੁਣ ਦਾ ਵਿਰੋਧ ਕੀਤਾ ਅਤੇ ਮਿੰਨਤ ਕੀਤੀ ਤਾਂ ਸਰਪੰਚ ਨੇ ਲਲਕਾਰਾ ਮਾਰਿਆ ਕਿ ਜੇਕਰ ਇਹ ਪਾਸੇ ਨਹੀਂ ਹਟਦੇ ਤਾਂ ਟਰੈਕਟਰ ਉੱਤੇ ਚੜ੍ਹਾ ਦਿਓ ਉਸਨੇ ਦੱਸਿਆ ‘ ਮੇਰੀ ਘਰਵਾਲੀ ਨਿਰਮਲ ਕੌਰ ਟਰੈਕਟਰ ਦੇ ਅੱਗੇ ਹੋਣ ਕਾਰਨ, ਮੌੜ ਸਿੰਘ ਨੇ ਟਰੈਕਟਰ ਇੱਕ ਦਮ ਭਜਾ ਕੇ ਮੇਰੀ ਘਰਵਾਲੀ ਤੇ ਚੜ੍ਹਾ ਕੇ ਦਰੜ ਦਿੱਤਾ, ਪਰ ਇਹਨਾਂ ਦਰਿੰਦਿਆਂ ਨੇ ਮੇਰੀ ਮਰੀ ਹੋਈ ਪਤਨੀ, ਜੋ ਕਲਟੀਵੇਟਰਾਂ ’ਚ ਫ਼ਸ ਗਈ ਸੀ, ਨੂੰ ਵੀ ਘਸੀਟਦੇ ਹੋਏ ਕਾਫ਼ੀ ਦੂਰ ਲੈ ਗਏ ਅਤੇ ਗੁਰਲਾਲ ਸਿੰਘ ਨੇ ਮੈਨੂੰ ਜੱਫ਼ਾ ਮਾਰ ਲਿਆ। ਜਦੋਂ ਮੈਂ ਉੱਚੀ-ਉੱਚੀ ਰੌਲਾ ਪਾਇਆ ਤਾਂ ਸਾਰੇ ਟਰੈਕਟਰ ਛੱਡ ਕੇ ਭੱਜ ਗਏ।’ ਅੱਜ ਦੇ ਲੱਗੇ ਢਾਈ-ਤਿੰਨ ਦੇ ਧਰਨੇ ਕਾਰਨ ਲੱਗੇ ਜਾਮ ਨੂੰ ਖੁਲਵਾਉਣ ਲਈ ਡੀ.ਐਸ.ਪੀ ਜ਼ੀਰਾ ਵਰਿਆਮ ਸਿੰਘ ਖਹਿਰਾ ਨੇ ਖੁਦ ਆਣ ਕੇ ਥਾਣਾ ਮੱਖੂ ਅੱਗੇ ਧਰਨਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਮੰਗਲਵਾਰ ਦੀ ਸ਼ਾਮ ਤੱਕ ਧਾਰਾ 302, 34 ਆਈ.ਪੀ.ਸੀ ਤਹਿਤ ਦਰਜ ਕੀਤੇ ਗਏ ਪਰਚੇ ਮੁਤਾਬਕ ਦੋਸ਼ੀਆਂ ਨੂੰ ਹਰ ਹਲਾਤ ਵਿੱਚ ਕਾਬੂ ਕਰ ਲੈਣਗੇ। ਮਰਨ ਵਾਲੀ ਔਰਤ ਦੇ 4 ਤੋਂ 6 ਸਾਲ ਤੱਕ ਦੇ ਬੱਚੇ ਹਨ।