ਨਵੀਂ ਦਿੱਲੀ: ਖੇਤੀਬਾੜੀ ਖੋਜ ਬਾਰੇ ਦੇਸ਼ ਦੀ ਉੱਘੀ ਸਰਕਾਰੀ ਸੰਸਥਾ ਆਈਸੀਏਆਰ ਨੇ 12 ਅਜਿਹੇ ਕਿਸਾਨਾਂ ਨੂੰ ‘ਦੀਨਦਿਆਲ ਉਪਾਧਿਆਇ ਕ੍ਰਿਸ਼ੀ ਪੁਰਸਕਾਰ 2016’ ਪ੍ਰਦਾਨ ਕੀਤੇ, ਜਿਨ੍ਹਾਂ ਇਸ ਸੰਸਥਾ ਵਿੱਚ ਹੁਨਰ ਵਿਕਾਸ ਸਿਖਲਾਈ ਲੈ ਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ। ਇਹ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਪੰਜਾਬ ਦਾ ਇਕ ਕਿਸਾਨ ਵੀ ਸ਼ਾਮਲ ਹੈ। ਇਸ ਦੌਰਾਨ ਇਕ ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਵਾਲਾ ਕੌਮੀ ਐਵਾਰਡ ਨਜਫਗੜ੍ਹ (ਦੱਖਣੀ ਪੱਛਮੀ ਦਿੱਲੀ) ਦੀ ਮਹਿਲਾ ਕਿਸਾਨ ਉੱਦਮੀ ਕ੍ਰਿਸ਼ਨਾ ਯਾਦਵ ਨੂੰ ਦਿੱਤਾ ਗਿਆ, ਜਿਸ ਨੇ ਸੜਕ ਉਤੇ ਸਬਜ਼ੀਆਂ ਵੇਚਣ ਤੋਂ ਸ਼ੁਰੂਆਤ ਕਰ ਕੇ ਆਪਣੀ ਫੂਡ ਪ੍ਰਾਸੈਸਿੰਗ ਫੈਕਟਰੀ ਸਥਾਪਤ ਕੀਤੀ, ਜੋ ਆਚਾਰਾਂ ਸਣੇ 200 ਤੋਂ ਵੱਧ ਉਤਪਾਦ ਬਣਾ ਰਹੀ ਹੈ।


ਕ੍ਰਿਸ਼ਨਾ ਯਾਦਵ ਨੇ ਸਾਲ 2000 ਵਿੱਚ ਸਿਰਫ਼ ਪੰਜ ਸੌ ਰੁਪਏ ਦਾ ਕਰਜ਼ਾ ਲੈ ਕੇ ਆਪਣਾ ਵਪਾਰ ਸ਼ੁਰੂ ਕੀਤਾ ਸੀ। ਹੁਣ ਉਹ ਬੀਐਸਐਫ ਕੰਟੀਨਾਂ ਤੇ ਹੋਰ ਪਰਚੂਨ ਦੁਕਾਨਾਂ ਨੂੰ 50 ਖੇਤੀਬਾੜੀ ਵਸਤਾਂ ਦੀ ਵਿਕਰੀ ਕਰ ਕੇ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀ ਹੈ ਅਤੇ 150 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ। ਉਹ ‘ਕ੍ਰਿਸ਼ਨਾ’ ਮਾਰਕੇ ਹੇਠ ਆਚਾਰ ਵੀ ਵੇਚ ਰਹੀ ਹੈ। ਅੱਜ ਉਹ ਸਾਲਾਨਾ ਘੱਟੋ-ਘੱਟ 2 ਕਰੋੜ ਰੁਪਏ ਕਮਾਉਂਦੀ ਹੈ। ਇਸ ਮੌਕੇ ਆਪਣੇ ਉੱਦਮੀ ਸਫ਼ਰ ਦਾ ਜ਼ਿਕਰ ਕਰਦਿਆਂ ਕ੍ਰਿਸ਼ਨਾ ਯਾਦਵ ਨੇ ਕਿਹਾ ਕਿ ‘‘ਉਹ ਸੜਕਾਂ ਉਤੇ ਸਬਜ਼ੀਆਂ ਵੇਚਦੀ ਸੀ।


ਉਸ ਨੇ ਸੋਚਿਆ ਕਿ ਥੋਕ ਬਾਜ਼ਾਰ ਵਿੱਚ ਸਬਜ਼ੀਆਂ ਘੱਟ ਕੀਮਤ ਉਤੇ ਮਿਲਦੀਆਂ ਹਨ। ਇਸ ਲਈ ਕਿਉਂ ਨਾ ਕੋਈ ਵੱਡਾ ਕੰਮ ਕੀਤਾ ਜਾਵੇ। ਇਸ ਤੋਂ ਬਾਅਦ ਹੀ ਉਸ ਨੇ ਖੇਤੀਬਾੜੀ ਖੋਜ ਸੰਸਥਾ ਕੋਲ ਪਹੁੰਚ ਕਰ ਕੇ ਆਚਾਰ ਤਿਆਰ ਕਰਨ ਦੀ ਸਿਖਲਾਈ ਲਈ। ਪੰਜਾਹ ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਵਾਲੇ ਜ਼ੋਨਲ ਐਵਾਰਡ ਕਾਨਪੁਰ, ਲੁਧਿਆਣਾ, ਪਟਨਾ, ਜੋਧਪੁਰ, ਪੁਣੇ, ਬੰਗਲੁਰੂ ਅਤੇ ਹੈਦਰਾਬਾਦ ਸਣੇ ਹੋਰ ਖੇਤੀਬਾੜੀ ਜ਼ੋਨਾਂ ਦੇ 11 ਕਿਸਾਨਾਂ ਨੂੰ ਦਿੱਤੇ ਗਏ।


ਜ਼ੋਨਲ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਪੰਜਾਬ ਦਾ ਕਿਸਾਨ ਜਿੰਦਰ ਸਿੰਘ ਸ਼ਾਮਲ ਹੈ। ਉਸ ਨੇ ‘ਚਮਕੌਰ ਸਾਹਿਬ ਪਨੀਰੀ ਫਾਰਮ’ ਦੇ ਮਾਰਕੇ ਹੇਠ ਸਬਜ਼ੀਆਂ ਦੀ ਪਨੀਰੀ ਦੀ ਵਿਕਰੀ ਕਰ ਕੇ ਚੰਗਾ ਨਾਮ ਖੱਟਿਆ। ਉਸ ਨੇ ਮਧੂ ਮੱਖੀ ਪਾਲਣ ਸ਼ੁਰੂ ਕਰ ਕੇ ਵੀ ਆਪਣੀ ਆਮਦਨ ਵਿੱਚ ਵਾਧਾ ਕੀਤਾ। ਖੇਤੀਬਾੜੀ ਖੋਜ ਬਾਰੇ ਭਾਰਤੀ ਕੌਂਸਲ (ਆਈਸੀਏਆਰ) ਦੇ ਡਾਇਰੈਕਟਰ ਜਨਰਲ ਤ੍ਰਿਲੋਚਨ ਮਹਾਪਾਤਰਾ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾ ਦੀ ਡਾਇਰੈਕਟਰ ਰਵਿੰਦਰ ਕੌਰ ਨੇ ਕਿਹਾ ਕਿ ਖੇਤੀਬਾੜੀ ਤੋਂ ਆਮਦਨ ਵਧਾਉਣ ਲਈ ਸਾਨੂੰ ਝਾੜ ਵਧਾਉਣ ਅਤੇ ਕਿਸਾਨਾਂ ਨੂੰ ਇਕਜੁੱਟ ਕਰਨ ਉਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਕਿਸਾਨਾਂ ਨੂੰ ਸਾਡੀਆਂ ਸੰਸਥਾਵਾਂ ਦੀ ਨਵੀਂ ਤਕਨਾਲੋਜੀ ਦਾ ਲਾਹਾ ਲੈਣਾ ਚਾਹੀਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904