ਚੰਡੀਗੜ੍ਹ:ਪੰਜਾਬ ਦੇ ਸਰਹੱਦੀ ਖੇਤਰ ਦੇ ਜਿਨ੍ਹਾਂ ਪਿੰਡਾਂ ਦੇ ਲੋਕ ਜੰਗ ਦੇ ਸਾਏ ਹੇਠ ਜਿਉਂ ਰਹੇ ਹਨ ਇਨ੍ਹਾਂ ਪਿੰਡਾਂ ਦਾ 1 ਲੱਖ ਹੈਕਟੇਅਰ ਦੇ ਕਰੀਬ ਰਕਬਾ ਹੈ। ਇਸ ਰਕਬੇ ਵਿੱਚ ਜ਼ਿਆਦਾ ਕਾਸ਼ਤ ਝੋਨੇ ਅਤੇ ਬਾਸਮਤੀ ਦੀ ਹੁੰਦੀ ਹੈ। ਇਹ ਫਸਲਾਂ ਹੁਣ ਵੱਢਣ ਲਈ ਤਿਆਰ ਹਨ। ਸਰਹੱਦੀ ਕਿਸਾਨਾਂ ਲਈ ਇਹ ਵੱਡਾ ਸੰਕਟ ਹੈ। ਸਰਹੱਦੀ ਲੋਕਾਂ ਵੱਲੋਂ ਸਭ ਤੋਂ ਵੱਡਾ ਸਵਾਲ ਇਹੀ ਕੀਤਾ ਜਾ ਰਿਹਾ ਹੈ ਕਿ ਜਦੋਂ ਸਰਹੱਦ ਦੇ ਦੋਵੇਂ ਪਾਸੀਂ ਫੌਜਾਂ ਦੀ ਕੋਈ ਹਿੱਲ- ਜੁੱਲ ਨਹੀਂ ਹੈ ਤਾਂ ਉਨ੍ਹਾਂ ਨੂੰ ਬੇਘਰ ਕਿਉਂ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਤੋਂ ਰਿਪੋਰਟਾਂ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਦੇ ਇਕ ਹਜ਼ਾਰ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਪੱਕਣ ’ਤੇ ਆਈਆਂ ਫ਼ਸਲਾਂ ਦੇ ਬਰਬਾਦ ਹੋਣ ਅਤੇ ਘਰੇਲੂ ਸਾਮਾਨ ਦੇ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ। ਇਹੀ ਕਾਰਨ ਹੈ ਕਿ ਲੋਕ ਆਪਣੇ ਘਰ ਛੱਡਣ ਲਈ ਤਿਆਰ ਨਹੀਂ ਹਨ। ਪਾਕਿਸਤਾਨ ਸਰਹੱਦ ’ਤੇ ਸਭ ਤੋਂ ਜ਼ਿਆਦਾ ਆਬਾਦੀ ਪੰਜਾਬ ’ਚ ਹੀ ਹੈ। ਇਸ ਲਈ ਜੰਗੀ ਹਾਲਾਤ ਦੌਰਾਨ ਪੰਜਾਬ ’ਚ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਜ਼ੁਬਾਨੀ ਹੁਕਮਾਂ ਦੇ ਤੁਰੰਤ ਬਾਅਦ ਲੋਕਾਂ ਨੂੰ ਘਰ-ਬਾਰ ਛੱਡਣ ਦੇ ਹੁਕਮ ਦੇ ਦਿੱਤੇ ਹਨ।