ਸੰਗਰੂਰ,- ਧੂਰੀ ਦੇ ਇੱਕ ਆੜ੍ਹਤੀ ਦੇ ਮੁਨੀਮ ਨੇ ਆੜ੍ਹਤ ਦੇ ਲਾਕਰ ਵਿੱਚੋਂ ਕਿਸਾਨਾਂ ਦੇ ਚੈੱਕ ਕੱਢ ਕੇ 83 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰ ਲਈ ਹੋਣ ਦਾ ਭੇਦ ਖੁੱਲ੍ਹਾ ਹੈ।ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਥਾਣਾ ਸਿਟੀ ਧੂਰੀ ਵਿੱਚ ਕੇਸ ਦਰਜ ਕੀਤਾ ਹੈ, ਜਿਸ ਦੇ ਅਨੁਸਾਰ ਸਤਨਾਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੱਡਾ ਦਾਣਾ ਮੰਡੀ ਧੂਰੀ ਵਿੱਚ ਆੜ੍ਹਤੀ ਚਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਫਰਮ ਮੈਸਰਜ਼ ਬਲਵੀਰ ਸਿੰਘ, ਰਾਜਿੰਦਰ ਸਿੰਘ ਦੀ ਆੜ੍ਹਤ ਦੀ ਦੁਕਾਨ ਉੱਤੇ ਪਾਰਟ ਟਾਈਮ ਮੁਨਾਮ ਦਾ ਕੰਮ ਕਰਦਾ ਸੀ।


ਇਸ ਦੌਰਾਨ ਉਸ ਨੇ ਫਰਮ ਦੇ ਲਾਕਰ ਵਿੱਚ ਪਏ ਕਈ ਕਿਸਾਨਾਂ ਦੇ ਚੈੱਕ ਚੋਰੀ ਕਰ ਲਏ। ਇਨ੍ਹਾਂ ਕਿਸਾਨਾਂ ਦੀ ਬੈਂਕ ਵਿੱਚ ਕਰਜ਼ਾ ਲਿਮਿਟ ਬਣੀ ਹੋਣ ਕਾਰਨ ਇਹ ਦਸਤਖਤ ਕੀਤੇ ਹੋਏ ਚੈਕ ਆੜ੍ਹਤੀ ਕੋਲ ਲਾਕਰ ਵਿੱਚ ਪਏ ਸਨ। ਮੁਨੀਮ ਸਤਨਾਮ ਸਿੰਘ ਨੇ ਇਨ੍ਹਾਂ ਚੋਰੀ ਕੀਤੇ ਚੈਕਾਂ ਨਾਲ ਤਿੰਨ ਨਵੰਬਰ 2017 ਨੂੰ ਰਾਜਿੰਦਰ ਸਿੰਘ ਦੇ ਖਾਤੇ ‘ਚੋਂ 23 ਲੱਖ ਰੁਪਏ, ਹਰਦੇਵ ਸਿੰਘ ਦੇ ਖਾਤੇ ਵਿੱਚੋਂ 18 ਲੱਖ ਰੁਪਏ, ਜਰਨੈਲ ਸਿੰਘ ਦੇ ਖਾਤੇ ਵਿੱਚੋਂ 18 ਲੱਖ ਰੁਪਏ ਅਤੇ ਬਲਵਿੰਦਰ ਦੇ ਖਾਤੇ ਵਿੱਚੋਂ 24.50 ਲੱਖ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲਏ।

ਸ਼ਿਕਾਇਤ ਕਰਤਾ ਆੜ੍ਹਤੀ ਅਨੁਸਾਰ ਸਤਨਾਮ ਸਿੰਘ ਨੇ ਇਨ੍ਹਾਂ ਚੈਕਾਂ ਦੇ ਇਲਾਵਾ ਦੋ ਹੋਰ ਕਿਸਾਨਾਂ ਦੇ ਖਾਲੀ ਚੈੱਕ ਚੋਰੀ ਕੀਤੇ ਹਨ। ਬੈਂਕ ਵਿੱਚ ਦੋ ਦਿਨ ਦੀ ਛੁੱਟੀ ਕਾਰਨ ਮੁਨੀਮ ਦੀ ਠੱਗੀ ਦਾ ਪੀੜਤਾਂ ਨੂੰ ਪਤਾ ਨਹੀਂ ਲੱਗਾ। ਬੈਂਕ ਖੁੱਲ੍ਹਣ ‘ਤੇ ਪੀੜਤਾਂ ਨੂੰ ਆਪਣੇ ਖਾਤਿਆਂ ਦੀ ਰਕਮ ਸਤਨਾਮ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਹੋਣ ਦਾ ਪਤਾ ਲੱਗਾ ਤਾਂ ਆੜ੍ਹਤੀ ਵੱਲੋਂ ਆਪਣਾ ਰਿਕਾਰਡ ਚੈਕ ਕਰਨ ‘ਤੇ ਠੱਗੀ ਸਾਹਮਣੇ ਆਈ। ਸ਼ਿਕਾਇਤ ਕਰਤਾ ਨੇ ਸਨਤਾਮ ਸਿੰਘ ਵੱਲੋਂ ਪਾਰਟ ਟਾਈਮ ਨੌਕਰੀ ਦੌਰਾਨ ਠੱਗੀ ਦਾ ਸ਼ੱਕ ਜ਼ਾਹਰ ਕੀਤਾ ਹੈ।