ਚੰਡੀਗੜ੍ਹ: ਮੁਕੰਮਲ ਕਰਜਾ ਮੁਕਤੀ ਤੇ ਹੋਰ ਭਖਦੇ ਕਿਸਾਨ ਮਸਲਿਆਂ ਨੂੰ ਲੈਕੇ ਸਖਤ ਠੰਢ ’ਚ ਚਾਰ ਦਿਨਾਂ ਤੋਂ ਥਾਂ ਥਾਂ ਡੀ.ਸੀ. ਦਫਤਰਾਂ ਅੱਗੇ ਦਿਨ ਰਾਤ ਧਰਨੇ ਮਾਰੀ ਬੈਠੇ ਕਿਸਾਨਾਂ ਮਜ਼ਦੂਰਾਂ ਦਾ ਕੈਪਟਨ ਸਰਕਾਰ ਵਿਰੁੱਧ ਰੋਹ ਹੋਰ ਵੀ ਭਖ ਉਠਿਆ ਜਦੋ ਉਹਨਾਂ ਨੂੰ ਪਤਾ ਲੱਗਾ ਕਿ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਨੂੰ ਵਿਹਲੜ ਦੱਸ ਰਿਹਾ ਹੈ ਅਤੇ ਮੰਤਰੀ ਮੰਡਲ ਨੇ ਖੇਤੀ ਮੋਟਰਾਂ ’ਤੇ ਮੀਟਰ ਲਾਉਣ ਅਤੇ 1647 ਸੁਵਿਧਾ ਕੇਂਦਰ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਹੈ। ਰੋਸ ਵਜੋਂ ਥਾਂ-ਥਾਂ ਸਰਕਾਰ ਵਿਰੋਧੀ ਨਾਹਰੇ ਨਾਲ ਪੰਚਾਇਤ ਮੰਤਰੀ ਦੇ ਪੁਤਲੇ ਫੂਕੇ ਗਏ।
ਬੁਲਾਰਿਆਂ ਨੇ ਪੰਚਾਇਤ ਮੰਤਰੀ ਦੀ ਕਿਸਾਨ ਵਿਰੋਧੀ ਟਿੱਪਣੀ ਦੀ ਸਖਤ ਨਿਖੇਧੀ ਕਰਦਿਆਂ ਉਲਟਾ ਜੰਗੀਰਦਾਰ ਸ਼ਰਮਾਏਦਾਰ ਮੰਤਰੀਆਂ ਸੰਤਰੀਆਂ ਨੂੰ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਲੁੱਟਣ ਵਾਲੇ ਵਿਹਲੜ ਦੱਸਿਆ। ਇਹਨਾਂ ਵੱਲੋਂ ਖੁੰਘਲ ਤੇ ਕਰਜ਼ਾਈ ਕੀਤੇ ਕਿਸਾਨਾਂ ਨੂੰ ਤਾਂ ਮਜ਼ਬੂਰਨ ਧਰਨੇ ਲਾਉਣੇ ਪੈ ਰਹੇ ਹਨ। ਉਤੋਂ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਰਹਿੰਦੀ ਖੂੰਹਦੀ ਰੱਤ ਨਿਚੋੜਨ ਖਾਤਰ ਮੋਟਰਾਂ ’ਤੇ ਮੀਟਰ ਲਾਉਣ ਦਾ ਫੈਸਲਾ ਕਰ ਮਾਰਿਆ ਹੈ, ਜਿਹੜਾ ਮੋਟਰਾਂ ਦੇ ਬਿੱਲ ਮੁੜ ਲਾਗੂ ਕਰਨ ਵੱਲ ਅਤੇ ਬਿਜਲੀ ਦੇ ਨਿੱਜੀਕਰਨ ਵੱਲ ਇੱਕ ਹੋਰ ਵੱਡਾ ਕਦਮ ਹੈ।
ਉਨ੍ਹਾਂ ਐਲਾਨ ਕੀਤਾ ਕਿ ਮੋਟਰਾਂ ’ਤੇ ਮੀਟਰ ਲਾਉਣ ਦਾ ਸਖਤ ਵਿਰੋਧ ਕੀਤਾ ਜਾਵੇਗਾ। ਪ੍ਰੰਤੂ ਵੱਡੇ ਜੰਗੀਰਦਾਰਾਂ ਦੇ ਮਾਮਲੇ ’ਚ ਵਿਰੋਧ ਨਹੀ ਕੀਤਾ ਜਾਵੇਗਾ ਕਿਉਂਕਿ ਉਹ ਤਾਂ ਕਰਜ਼ਾ ਮੁਆਫੀ ਦੇ ਹੱਕਦਾਰ ਵੀ ਨਹੀ ਬਣਦੇ ਜਿਹੜੇ ਕਿ ਮੁਜ਼ਾਰੇ ਕਿਸਾਨਾ ਦੀ ਕਿਰਤ ਲੁੱਟ ਕੇ ਹੀ ਮਾਲਾਮਾਲ ਬਣੇ ਹਨ। ਬੁਲਾਰਿਆਂ ਨੇ ਸਮੁੱਚੀ ਕਰਜ਼ਾ ਮੁਆਫੀ ਸਮੇਤ ਘਰ ਘਰ ਰੁਜ਼ਗਾਰ ਵਰਗੇ ਚੋਣ ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ ਦੀ ਸਖਤ ਨਿਖੇਧੀ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ’ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪ੍ਰੈਸ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸੰਗਠਨ ਸਕੱਤਰ ਸਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਮਹਿੰਦਰ ਸਿੰਘ ਬੁਰਜਹਰੀ ਤੋ ਇਲਾਵਾ ਔਰਤ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਬਲਜੀਤ ਕੌਰ ਭੱਠਲ ਅਤੇ ਸੁਖਦੀਪ ਕੌਰ ਛਾਜਲੀ ਸ਼ਾਮਲ ਸਨ।