ਨੀਲੇ ਕਾਰਡ ਨਾ ਬਣਨ ਤੋਂ ਸਰਪੰਚ ਵੱਲੋਂ ਮਰਨ ਵਰਤ ਸ਼ੁਰੂ
ਏਬੀਪੀ ਸਾਂਝਾ | 04 Oct 2016 09:00 AM (IST)
ਚੰਡੀਗੜ੍ਹ: ਮੋਗਾ ਨੇੜਲੇ ਪਿੰਡ ਬਹੋਨਾ ਦੇ ਦਲਿਤ ਸਰਪੰਚ ਹਰਭਜਨ ਸਿੰਘ ਨੇ ਗਰੀਬ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਲੋੜਵੰਦਾਂ ਦੇ ਨੀਲੇ ਕਾਰਡ ਨਾਂ ਬਣਨ ਦੇ ਰੋਸ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਵਿਖੇ ਮਰਨ ਵਰਤ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਵੀ ਇਸ ਸਰਪੰਚ ਨੇ ਆਪਣੇ ਪਿੰਡ ਦਾ ਜਲ ਘਰ ਚਲਾਉਣ ਲਈ ਡੀਸੀ ਤੋਂ ਗੁਰਦਾ ਵੇਚਣ ਦੀ ਆਗਿਆ ਮੰਗੀ ਸੀ। ਇਥੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਵਿੱਚ ਮਰਨ ਵਰਤ ਉੱਤੇ ਬੈਠੇ ਪਿੰਡ ਬਹੋਨਾਂ ਦੇ ਸਰਪੰਚ ਭਰਭਜਨ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਣ ਕਾਰਨ ਰਾਜਨੀਤਕ ਰੰਜਿਸ਼ ਤਹਿਤ ਉਹ ਪਰੇਸ਼ਾਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਧਿਰ ਆਗੂਆਂ ਦੇ ਦਬਾਅ ਹੇਠ ਜ਼ਿਲ੍ਹਾ ਪ੍ਰਸ਼ਾਸਨ ਚੋਰ ਮੋਰੀ ਰਾਹੀਂ ਨੀਲੇ ਕਾਰਡ ਬਣਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸਦੇ ਸਮਰਥਕ ਦਲਿਤਾਂ ਅਤੇ ਲੋੜਵੰਦਾਂ ਦੇ ਕਾਰਡ ਨਹੀਂ ਬਣਾਏ। ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਇਹ ਸਾਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਦਾਂ ਸੀ। ਇਸ ਮੌਕੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਸਰਕਾਰ ਵਲੋਂ ਆਦੇਸ਼ ਜਾਰੀ ਕਰਨ ਤੋਂ ਬਾਅਦ ਪਹਿਲਾਂ ਬਣੀਆਂ ਲਿਸਟਾਂ ਵਾਲੇ ਕਾਰਡ ਪਹਿਲ ਦੇ ਆਧਾਰ ਤੇ ਜਾਰੀ ਕੀਤੇ ਜਾਣਗੇ ਪਰ ਕੁਝ ਦਿਨ ਪਹਿਲਾਂ ਅੰਦਰਖਾਤੇ ਹਾਕਮ ਧਿਰ ਦੇ ਆਗੂਆਂ ਰਾਹੀਂ ਆਪਣੇ ਚਹੇਤਿਆਂ ਦੀਆਂ ਅਰਜ਼ੀਆਂ ਲੈ ਕੇ ਕਾਰਡ ਜਾਰੀ ਕਰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੇ ਇਹ ਮਾਮਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਗਰੀਬ ਲੋਕਾਂ ਨਾਲ ਅਨਿਆਂ ਹੋ ਰਿਹਾ ਹੈ। ਉਨ੍ਹਾਂ ਇਸ ਬੇਇਨਸਾਫ਼ੀ ਖ਼ਿਲਾਫ਼ ਮਰਨ ਵਰਤ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਦੱਸਣਯੋਗ ਹੈ ਕਿ ਪਿੰਡ ਬਹੋਨਾਂ ਦੇ ਜਲਘਰ ਦਾ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਕੁਨਕੈਸ਼ਨ ਕੱਟਿਆ ਹੋਇਆ ਸੀ। ਪਿੰਡ ਦਾ ਸਰਪੰਚ ਬਣਨ ਬਾਅਦ ਹਰਭਜਨ ਸਿੰਘ ਨੇ ਇਹ ਜਲਘਰ ਚਾਲੂ ਕਰਵਾਉਣ ਲਈ ਹਰ ਰਾਜਸੀ ਆਗੂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਸੀ ਪਰ ਸਰਕਾਰੀ ਬੇਰੁੱਖੀ ਤੋਂ ਹੋ ਕੇ ਉਸਨੇ ਆਪਣਾ ਗੁਰਦਾ ਵੇਚਣ ਲਈ ਡੀਸੀ ਤੋਂ ਮਨਜੂਰੀ ਮੰਗ ਲਈ ਸੀ। ਇਸ ਤੋਂ ਇਲਾਵਾ ਦਲਿਤ ਸਰਪੰਚ ਨੇ ਪਿੰਡ ਵਿੱਚ ਬਜ਼ੁਰਗਾਂ ਦੀਆਂ ਪੈਨਸ਼ਨ ਹੜੱਪਣ ਖ਼ਿਲਾਫ਼ ਸੰਘਰਸ਼ ਵਿੱਢਿਆ ਤਾਂ ਘੁਟਾਲਾ ਕਰਨ ਵਾਲਿਆਂ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ।