ਰਾਏਪੁਰ: ਕੇਂਦਰੀ ਆਵਾਜਾਈ ਤੇ ਜਲ ਸੰਸਾਧਨ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕਿਸਾਨ ਵੱਧ ਮੁਨਾਫ਼ੇ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ। ਗਡਕਰੀ ਨੇ ਕਿਹਾ ਕਿ ਕਿਸਾਨਾਂ ਨੂੰ ਇੱਕੋ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤੀ ਛੱਡ ਕੇ ਵੱਧ ਕਮਾਈ ਵਾਲੀਆਂ ਫ਼ਸਲਾਂ ਲਾਉਣੀਆਂ ਚਾਹੀਦੀਆਂ ਹਨ। ਇਸ ਲਈ ਕਿਸਾਨਾਂ ਨੂੰ ਨਵੀਂ ਖੋਜ ਨੂੰ ਅਪਣਾਉਣਾ ਹੋਵੇਗਾ।


ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਸਰਕਾਰ ਨੇ ਖੇਤੀ ਮੇਲੇ ਦੀ ਸ਼ੁਰੂਆਤ ਕਰ ਕੇ ਇੱਕ ਚੰਗੀ ਪਹਿਲ ਕੀਤੀ ਹੈ। ਇਸ ਨਾਲ ਕਿਸਾਨਾਂ ਨੂੰ ਖੇਤੀ ਨਾਲ ਜੁੜੀਆਂ ਨਵੀਆਂ ਗੱਲਾਂ ਪਤਾ ਲਗਦੀਆਂ ਹਨ। ਭਾਰਤ ਹੁਣ ਕਣਕ ਅਤੇ ਝੋਨੇ ਵਿੱਚ ਆਤਮ ਨਿਰਭਰ ਵੀ ਹੋ ਚੁੱਕਿਆ ਹੈ, ਇਸ ਲਈ ਉਹ ਫ਼ਸਲਾਂ ਲਾਉਣੀਆਂ ਚਾਹੀਦੀਆਂ ਹਨ ਜਿਹੜੀਆਂ ਅਸੀਂ ਬਾਹਰਲੇ ਮੁਲਕਾਂ ਵਿੱਚੋਂ ਖਰੀਦਦੇ ਹਾਂ।

ਗਡਕਰੀ ਨੇ ਕਿਸਾਨਾਂ ਨੂੰ ਸਿਖਲਾਈ ਦੇਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਕਿਸਾਨ ਜਿੰਨਾ ਜਾਗਰੂਕ ਹੋਵੇਗਾ ਉਨ੍ਹਾਂ ਹੀ ਉਸ ਦਾ ਮੁਨਾਫ਼ਾ ਹੋਵੇਗਾ।