ਚੰਡੀਗੜ੍ਹ: ਮੋਦੀ ਸਰਕਾਰ ਨੂੰ ਹੀ ਹੁਣ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ 'ਤੇ ਸ਼ੱਕ ਹੈ। ਬੀਜੇਪੀ ਨੇ ਇਹ ਨਾਅਰਾ ਪਿਛਲੀ ਸਰਕਾਰ ਵੇਲੇ ਲਾਇਆ ਸੀ ਤੇ ਲੋਕ ਸਭਾ ਚੋਣਾਂ ਵਿੱਚ ਮੁੜ ਇਸ ਨੂੰ ਜ਼ੋਰਸ਼ੋਰ ਨਾਲ ਪ੍ਰਚਾਰਿਆ ਸੀ। ਹੁਣ ਮੋਦੀ ਦੇ ਮੰਤਰੀ ਨੂੰ ਖੁਦ ਹੀ ਨਹੀਂ ਭਰੋਸਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ।

ਖੇਤੀ ਤੇ ਕਿਸਾਨ ਭਲਾਈ ਰਾਜ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਇਸ ਗੱਲ਼ 'ਤੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਮੌਜੂਦਾ ਚਾਰ ਫੀਸਦ ਖੇਤੀ ਵਿਕਾਸ ਦਰ ਨਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਰੁਪਾਲਾ ਨੇ ਰਾਜ ਸਭਾ ’ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨਾਲ ਜੁੜੇ ਸਵਾਲ ਦੇ ਜਵਾਬ ਵਿੱਚ ਕਿਹਾ, ‘ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਸੇ ਵਿਕਾਸ ਦਰ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਵੇਗੀ। ਅਸੀਂ ਵੀ ਇਹ ਗੱਲ ਮੰਨਦੇ ਹਾਂ।’

ਦਰਅਸਲ ਸਪਾ ਦੇ ਰਾਮਗੋਪਾਲ ਯਾਦਵ ਨੇ ਸਵਾਲ ਪੁੱਛਿਆ ਸੀ ਕਿ ਖੇਤੀ ’ਚ ਸ਼ਾਮਲ ਮੱਛੀ ਪਾਲਣ, ਡੇਅਰੀ ਉਤਪਾਦਨ ਤੇ ਖੇਤੀ ’ਤੇ ਆਧਾਰਤ ਮੌਜੂਦਾ ਤਕਰੀਬਨ ਚਾਰ ਫੀਸਦ ਖੇਤੀ ਵਿਕਾਸ ਦਰ ਨਾਲ ਕੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ? ਯਾਦਵ ਨੇ ਕਿਹਾ ਆਰਥਿਕ ਸਰਵੇਖਣਾਂ ਅਨੁਸਾਰ ਖੇਤੀ ’ਚ ਸ਼ਾਮਲ ਇਨ੍ਹਾਂ ਚਾਰ ਮੁੱਖ ਕੰਮਾਂ ’ਤੇ ਆਧਾਰਤ ਖੇਤੀ ਵਿਕਾਸ ਦਰ ਤਕਰੀਬਨ ਚਾਰ ਫੀਸਦ ਹੈ ਜਦਕਿ ਸ਼ੁੱਧ ਖੇਤੀ ’ਤੇ ਆਧਾਰਤ ਵਿਕਾਸ ਦਰ ਦੋ ਫੀਸਦ ਤੋਂ ਵੀ ਘੱਟ ਹੈ।

ਇਸ ਦੇ ਜਵਾਬ ਵਿੱਚ ਰਾਜ ਮੰਤਰੀ ਰੁਪਾਲਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਨੇ ਖੇਤੀ ਕੰਮਾਂ ’ਚ ਪਸ਼ੂ ਪਾਲਣ, ਮਧੂ ਮੱਖੀ ਪਾਲਣ, ਮੱਛੀ ਪਾਲਣ, ਬਾਗਬਾਨੀ ਆਦਿ ਕੰਮਾਂ ਨੂੰ ਸ਼ਾਮਲ ਕਰਦਿਆਂ ਇਸ ’ਚ ਕਿਸਾਨ ਸੰਮਾਨ ਯੋਜਨਾ ਸਮੇਤ ਹੋਰਨਾਂ ਖੇਤੀ ਭਲਾਈ ਯੋਜਨਾਵਾਂ ਦੇ ਸਾਂਝੇ ਲਾਭ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਯੋਜਨਾ ਲਾਗੂ ਕੀਤੀ ਹੈ।

ਉਨ੍ਹਾਂ ਕਿਹਾ ਕਿ ਖੇਤੀ ਨਾਲ ਜੁੜੇ ਹੋਰ ਪੱਖਾਂ ਨੂੰ ਸ਼ਾਮਲ ਕੀਤੇ ਬਿਨਾਂ ਮੌਜੂਦਾ ਖੇਤੀ ਵਿਕਾਸ ਦਰ ’ਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ, ਉਹ ਅਜਿਹਾ ਨਹੀਂ ਮੰਨਦੇ। ਰੁਪਾਲਾ ਨੇ ਸਪੱਸ਼ਟ ਕੀਤਾ ਕਿ ਕਿਸਾਨ ਸੰਮਾਨ ਯੋਜਨਾ ’ਚ ਫਿਲਹਾਲ ਉਹ ਕਿਸਾਨ ਹੀ ਸ਼ਾਮਲ ਹਨ, ਜਿਨ੍ਹਾਂ ਕੋਲ ਜ਼ਮੀਨ ਦਾ ਮਾਲਕਾਨਾ ਹੱਕ ਹੈ।