ਚੰਡੀਗੜ੍ਹ : ਫ਼ਤਿਹਗੜ੍ਹ ਸਾਹਿਬ ਦੇ ਕਿਸਾਨ ਨੇ ਨੋਟ ਬੰਦੀ ਤੋਂ ਨਿਰਾਸ਼ ਹੋਕੇ ਅਗਾਂਹਵਧੂ ਕਿਸਾਨ ਅਮਰੀਕ ਸਿੰਘ ਨੇ ਆਪਣੇ ਖੜ੍ਹੇ ਫੁੱਲਾਂ ਦੇ ਖੇਤ ਨੂੰ ਵਾਹ ਦਿੱਤਾ। ਮੰਡੀ ਵਿੱਚ ਫੁੱਲਾਂ ਦਾ ਖ਼ਰੀਦਦਾਰ ਨਾ ਹੋਣ ਕਾਰਨ ਉਸ ਨੂੰ ਮਜਬੂਰੀ ਚ ਖੜ੍ਹੇ ਫੁੱਲਾਂ ਦੇ ਖੇਤ ਵਾਹੁਣੇ ਪਏ। ਨੇੜੇ ਜੈਨ ਮੰਦਿਰ ਦਾ ਵਾਸੀ ਅਮਰੀਕ ਸਿੰਘ ਪਿਛਲੇ 15 ਸਾਲ ਤੋਂ ਫੁੱਲਾਂ ਦੀ ਖੇਤੀ ਕਰ ਰਿਹਾ ਸੀ ਪਰ ਇਹ ਪਹਿਲੀ ਬਾਰ ਹੋਇਆ ਹੈ ਕਿ ਉਸ ਦੇ ਫੁੱਲਾਂ ਨੂੰ ਖ਼ਰੀਦਣ ਲਈ ਕੋਈ ਗਾਹਕ ਨਹੀਂ ਹੈ।


ਅਮਰੀਕ ਸਿੰਘ ਦਾ ਕਹਿਣਾ ਹੈ ਕਿ ਨੋਟ ਬੰਦੀ ਕਾਰਨ ਵਿਆਹ ਦਾ ਸੀਜ਼ਨ ਮੰਦਾ ਰਿਹਾ ਹੈ । ਪੈਸਾ ਨਾ ਹੋਣ ਕਾਰਨ ਲੋਕਾਂ ਨੇ ਆਪਣੇ ਵਿਆਹ ਅੱਗੇ ਪਾ ਦਿੱਤੇ ਜਾਂ ਨਾਂ-ਮਾਤਰ ਖ਼ਰਚੇ ਨਾਲ ਵਿਆਹ ਕਰ ਰਹੇ ਹਨ। ਜਿਸ ਕਾਰਨ ਫੁੱਲਾਂ ਦੀ ਮਾਰਕੀਟ ਨੂੰ ਝਟਕਾ ਲੱਗਾ ਹੈ। ਵਿਆਹ ਨਾ ਹੋਣ ਕਾਰਨ ਫੁੱਲਾਂ ਦਾ ਕੋਈ ਗਾਹਕ ਨਹੀਂ ਹੈ ਤੇ ਉਲਟਾ ਫੁੱਲਾ ਦੇ ਰੱਖ-ਰਖਾਅ ਦਾ ਉਸ ਨੂੰ ਪੱਲੋਂ ਖਰਚਾ ਕਰਨਾ ਪੈ ਰਿਹਾ ਹੈ। ਇਸ ਹਾਲਤ ਤੋਂ ਨਿਰਾਸ਼ ਹੋਕੇ ਉਸ ਨੂੰ ਖੜ੍ਹੇ ਫੁੱਲਾਂ ਤੇ ਟਰੈਕਟਰ ਚਲਾਇਆ।

ਉਸ ਨੇ ਕਿਹਾ ਕਿ ਫ਼ਸਲ ਪ੍ਰਤੀ ਏਕੜ ਕਰੀਬ ਇੱਕ ਲੱਖ ਦਾ ਘਾਟਾ ਪਿਆ ਹੈ। ਇਨ੍ਹਾਂ ਹੀ ਨਹੀਂ ਹਰ ਸਾਲ ਉਸ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਇਸ ਬਾਰ ਵਿਹਲੇ ਹੋ ਗਏ। ਉਸਨੇ ਕਿਹਾ ਕਿ ਉਹ ਚੰਡੀਗੜ੍ਹ, ਬੱਸੀ ਪਠਾਣਾ ਤੇ ਸਰਹਿੰਦ ਫ਼ਸਲ ਵੇਚਦੇ ਹਨ ਪਰ ਇਸ ਬਾਰ ਕੋਈ ਲੈਣ ਨੂੰ ਤਿਆਰ ਨਹੀਂ ਹੈ।

ਇਸ ਅਗਾਂਹਵਧੂ ਕਿਸਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਖੇਤੀ ਵਿਭਿੰਨਤਾ ਦਾ ਨਾਅਰਾ ਦਿੰਦੀ ਹੈ ਪਰ ਦੂਜੇ ਪਾਸੇ ਜੇਕਰ ਕੋਈ ਕਿਸਾਨ ਖੇਤੀ ਵਿਭਿੰਨਤਾ ਵੱਲ ਜਾਂਦੇ ਹਨ ਤਾਂ ਨੁਕਸਾਨ ਸਮੇਂ ਉਸ ਦੀ ਸਾਰ ਵੀ ਨਹੀਂ ਲੈਂਦੇ। ਉਸ ਨੇ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵੀ ਉਸ ਦੀ ਸਾਰ ਨਹੀਂ ਲੈ ਰਿਹਾ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਘਾਟੇ ਨੂੰ ਪੂਰਾ ਕਰਨ ਲਈ ਮੁਆਵਜ਼ਾ ਦਿੱਤਾ ਜਾਵੇ।