ਬਠਿੰਡਾ: ਪੰਜਾਬ ਸਰਕਾਰ ਦੀ ਕਰਜ਼ ਰਾਹਤ ਸਕੀਮ ਦੇ ਹੈਰਾਨੀਜਨਕ ਪੱਖ ਸਾਹਮਣੇ ਆ ਰਹੇ ਹਨ। ਕਿਸਾਨਾਂ ਨੂੰ ਕਰਜ਼ ਮਾਫੀ ਦੇ ਨਾਂ 'ਤੇ ਮਹਿਜ਼ 2, 9, 13, 23, 27, 33 ਰੁਪਏ ਦੀ ਰਾਹਤ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਕੇਸ ਪਹਿਲਾਂ ਵੀ ਆਏ ਸੀ ਪਰ ਸਰਕਾਰ ਨੇ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ।

 

ਦਰਅਸਲ ਕਰਜ਼ ਮਾਫੀ ਦੇ ਦੂਜੇ ਗੇੜ ’ਚ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਅਨੇਕਾਂ ਲਾਭਪਾਤਰੀਆਂ ਨੂੰ ਰਾਹਤ ਵਜੋਂ ਮਹਿਜ਼ 2, 9, 13, 23, 27, 33 ਰੁਪਏ ਵਰਗੀਆਂ ‘ਰਕਮਾਂ’ ਹੀ ਮਿਲਣ ਵਾਲੀਆਂ ਹਨ। ਕਰਜ਼ ਰਾਹਤ ਦੇ ਦੂਜੇ ਗੇੜ ਦੀ ਸ਼ੁਰੂਆਤ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਗਿੱਦੜਬਾਹਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ’ਚ ਕਰ ਰਹੇ ਹਨ। ਉਂਝ ਕਈ ਰਸੂਖ਼ਵਾਨ ਕਿਸਾਨਾਂ ਨੂੰ ਇੱਕ-ਦੋ ਲੱਖ ਰੁਪਏ ਦੀ ਮੁਆਫ਼ੀ ਲਈ ਚੁਣਿਆ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਕੋਟਲੀ ਅਬਲੂ ਦੇ ਜਸਪਾਲ ਸਿੰਘ, ਜੋ 1999 ਵਿੱਚ ਚਲਾਣਾ ਕਰ ਗਿਆ ਸੀ, ਨੂੰ ਮਹਿਜ਼ 2 ਰੁਪਏ ਮਿਲਣਗੇ। ਇਸ ਬਾਰੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਕਿਸੇ ਕਲਰਕੀ ਗ਼ਲਤੀ ਕਾਰਨ ਵਾਪਰਿਆ ਹੋ ਸਕਦਾ ਹੈ। ਲੋੜ ਪੈਣ ’ਤੇ ਸੂਚੀ ਸੋਧੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਉਸ ਸਿਰ 1.4 ਲੱਖ ਰੁਪਏ ਕਰਜ਼ ਹੈ। ਗੁਰੂਸਰ ਦੇ ਬਲਜੀਤ ਸਿੰਘ ਦੀ ਮਹਿਜ਼ 13 ਰੁਪਏ, ਭੁੱਟੀਵਾਲੇ ਦੇ ਕਰਤਾਰ ਸਿੰਘ ਦੀ 9 ਰੁਪਏ, ਕੋਟਲੀ ਅਬਲੂ ਦੇ ਗੁਰਮੇਲ ਸਿੰਘ ਦੀ 23 ਰੁਪਏ ਰਾਹਤ ਲਈ ਚੋਣ ਹੋਈ ਹੈ।