ਅਹਿਮਦਾਬਾਦ: ਪ੍ਰਧਾਨ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਗੁਜਰਾਤ ਦੇ ਭਾਵਨਗਰ ਜ਼ਿਲੇ ਦੇ 5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਸਰਕਾਰ ਤੋਂ ਇੱਛੁਕ ਮੌਤ ਮੰਗੀ ਹੈ। ਇਹ ਕਿਸਾਨ ਬਿਜਲੀ ਕੰਪਨੀ ਵੱਲੋਂ ਜ਼ਮੀਨ ਖੋਹਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਹੇ ਹਨ।
ਕਿਸਾਨ ਆਗੂ ਨੇ ਦੱਸਿਆ ਕਿ ਸਰਕਾਰੀ ਬਿਜਲੀ ਕੰਪਨੀ ਕਿਸਾਨਾਂ ਦੀ ਜ਼ਮੀਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ ਪਰ ਸਰਕਾਰ ਧੱਕੇ 'ਤੇ ਉੱਤਰ ਆਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੀੜਤ ਲੋਕਾਂ ਨੇ ਸਰਕਾਰ ਤੋਂ ਇੱਛੁਕ ਮੌਤ ਦੀ ਪ੍ਰਵਾਨਗੀ ਮੰਗੀ ਹੈ।
ਕਿਸਾਨਾਂ ਦੇ ਹੱਕਾਂ ਲਈ ਲੜ ਰਹੀ ਜਥੇਬੰਦੀ ਗੁਜਰਾਤ ਖੇਦੁਤ ਸਮਾਜ ਦੇ ਮੈਂਬਰ ਨਰਿੰਦਰਸਿਹੁੰ ਗੋਹਿਲ ਨੇ ਆਖਿਆ ‘‘12 ਪਿੰਡਾਂ ਦੇ ਕੁੱਲ 5259 ਲੋਕਾਂ ਜਿਨ੍ਹਾਂ ਵਿੱਚ ਕਿਸਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ, ਨੇ ‘‘ਇੱਛਾ ਮ੍ਰਿਤੂ’’ ਮੰਗੀ ਹੈ ਕਿਉਂਕਿ ਜਿਸ ਜ਼ਮੀਨ ’ਤੇ ਉਹੀ ਖੇਤੀ ਕਰਦੇ ਹਨ, ਉਹ ਰਾਜ ਸਰਕਾਰ ਤੇ ਗੁਜਰਾਤ ਪਾਵਰ ਕਾਰਪੋਰੇਸ਼ਨ ਲਿਮਟਿਡ (ਜੀਪੀਸੀਐਲ) ਜਬਰੀ ਖੋਹੀ ਜਾ ਰਹੀ ਹੈ।’’
ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਇਹ ਪੱਤਰ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਭੇਜਿਆ ਗਿਆ ਹੈ। ਭਾਵਨਗਰ ਦੇ ਡਿਪਟੀ ਕਮਿਸ਼ਨਰ ਹਰਸ਼ਦ ਪਟੇਲ ਨੇ ਕਿਹਾ ਕਿ ਕਿਸਾਨਾਂ ਨੇ ਇਹ ਪੱਤਰ ਰਜਿਸਟਰੀ ਬ੍ਰਾਂਚ ਵਿਚ ਪਾਏ ਸਨ। ਗੋਹਿਲ ਨੇ ਕਿਹਾ ਕਿ ਭੌਂ ਪ੍ਰਾਪਤੀ ਕਾਨੂੰਨ, 2013 ਤਹਿਤ ਕੋਈ ਕੰਪਨੀ ਕਿਸੇ ਜ਼ਮੀਨ ਦਾ ਕਬਜ਼ਾ ਪੰਜ ਸਾਲਾਂ ਤੋਂ ਜ਼ਿਆਦਾ ਸਮਾਂ ਨਹੀਂ ਰੱਖ ਸਕਦੀ। ਜ਼ਮੀਨ ’ਤੇ ਕਬਜ਼ੇ ਲਈ ਉਸ ਨੂੰ ਨਵੇਂ ਸਿਰਿਓਂ ਜ਼ਮੀਨ ਐਕੁਆਇਰ ਕਰਨੀ ਪਵੇਗੀ।’’