ਚੰਡੀਗੜ੍ਹ : ਝੋਨੇ ਨੂੰ ਭਵਿੱਖ ਦੀ ਫਸਲ ਅਤੇ ਖੁਰਾਕ ਸੁਰੱਖਿਆ ਲਈ ਅਹਿਮ ਦੱਸਦਿਆਂ ਉੱਘੇ ਖੇਤੀਬਾੜੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਨੇ ਕਿਹਾ ਕਿ ਵਿਗਿਆਨੀਆਂ ਨੂੰ ਟਿਕ ਕੇ ਨਹੀਂ ਬੈਠਣਾ ਚਾਹੀਦਾ, ਸਗੋਂ ਮੌਸਮੀ ਤਬਦੀਲੀ ਦੇ ਅਨੁਕੂਲ ਢਲ ਸਕਣ ਅਤੇ ਵੱਧ ਝਾੜ ਵਾਲੀਆਂ ਕਿਸਮਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੌਸਮੀ ਤਬਦੀਲੀ ਦੇ ਮੱਦੇਨਜ਼ਰ ਕਣਕ ਦੀ ਥਾਂ ਝੋਨਾ ਭਵਿੱਖ ਦੀ ਫਸਲ ਬਣਦਾ ਜਾ ਰਿਹਾ ਹੈ। ਕਣਕ ਇਹ ਦਰਜਾ ਹਾਸਲ ਨਹੀਂ ਕਰ ਸਕਦੀ ਕਿਉਂਕਿ ਇਸ ਲਈ ਰਾਤ ਦਾ ਤਾਪਮਾਨ ਘੱਟ ਹੋਣਾ ਬਹੁਤ ਜ਼ਰੂਰੀ ਹੈ। ਜੇ ਤਾਪਮਾਨ ਦੋ ਡਿਗਰੀ ਵੀ ਉੱਪਰ ਜਾਂਦਾ ਹੈ ਤਾਂ ਕਣਕ ਦਾ ਉਤਪਾਦਨ 60 ਲੱਖ ਟਨ ਤੱਕ ਘਟੇਗਾ। ਝੋਨੇ ਦੀਆਂ ਕਿਸਮਾਂ ਵਿੱਚ ਖੋਜ ਦੀ ਦਿਸ਼ਾ ਵਿੱਚ ਚੰਗਾ ਕੰਮ ਹੋਣ ਅਤੇ ਚੀਨ ਵਿੱਚ ਹਾਈਬ੍ਰਿਡ ਝੋਨੇ ਦਾ ਪ੍ਰਭਾਵ ਪੈਣ ਦੀ ਮਿਸਾਲ ਦਿੰਦਿਆਂ ਸ੍ਰੀ ਸਵਾਮੀਨਾਥਨ ਨੇ ਕਿਹਾ ਕਿ ਇਸ ਦੇ ਬਾਵਜੂਦ ਹਾਲੇ ਆਰਾਮ ਨਾਲ ਬੈਠਣ ਦਾ ਸਮਾਂ ਨਹੀਂ। ਹੁਣ ਭਵਿੱਖੀ ਲੋੜਾਂ ਦੀ ਪੂਰਤੀ ਲਈ ਝਾੜ ਵਧਾਉਣ ਦਾ ਇਕੋ ਰਾਹ ਬਚਦਾ ਹੈ। ਝੋਨੇ ਦੀਆਂ ਰਵਾਇਤੀ ਕਿਸਮਾਂ ਦੀ ਸੰਭਾਲ ਉਤੇ ਜ਼ੋਰ ਦਿੰਦਿਆਂ ਖੇਤੀਬਾੜੀ ਰਾਜ ਮੰਤਰੀ ਸੁਦਰਸ਼ਨ ਭਗਤ ਨੇ ਕਿਹਾ ਕਿ ਭਾਰਤੀ ਕਿਸਾਨ ਰਵਾਇਤੀ ਕਿਸਮਾਂ ਦੀ ਕਾਸ਼ਤ ਨੂੰ ਹੀ ਤਰਜੀਹ ਦਿੰਦੇ ਹਨ ਅਤੇ ਨਵੀਆਂ ਕਿਸਮਾਂ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਪੁਰਾਣੀਆਂ ਕਿਸਮਾਂ ਦੀ ਕਾਸ਼ਤ ਕਰਦੇ ਕਿਸਾਨਾਂ ਨੂੰ ਵੀ ਬਚਾਉਣ ਦੀ ਲੋੜ ਹੈ।