ਚੰਡੀਗੜ੍ਹ:ਜਮੂਹਰੀ ਕਿਸਾਨ ਸਭਾ ਨੇ ਦੋਸ਼ ਲਾਇਆ ਕਿ ਖਰੀਦ ਕੇਂਦਰਾਂ ਵਿਚ ਅਕਾਲੀ ਆਗੂਆਂ ਤੇ ਜਥੇਦਾਰਾਂ ਦੀਆਂ ਸਿਫਾਰਿਸ਼ਾਂ ‘ਤੇ ਝੋਨੇ ਦੀਆਂ ਢੇਰੀਆਂ ਪਹਿਲਾਂ ਵਿਕਦੀਆਂ ਹਨ ਅਤੇ ਆਮ ਕਿਸਾਨਾਂ ਦੀ ਮੰਡੀਆਂ ਵਿਚ ਖਰੀਦ ਵੇਲੇ ਕੋਈ ਪੁੱਛਗਿੱਛ ਨਹੀਂ ਹੋ ਰਹੀ ਹੈ।


ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਨੂੰ ਵੇਚਣ ਸਮੇਂ ਹੁੰਦੀ ਖੱਜਲ ਖੁਆਰੀ ਦੇ ਵਿਰੋਧ ਵਿੱਚ ਜਮੂਹਰੀ ਕਿਸਾਨ ਸਭਾ ਵੱਲੋਂ ਪਿੰਡ ਫਫੜੇ ਭਾਈਕੇ ਦੇ ਅਨਾਜ ਮੰਡੀ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਛੱਜੂ ਰਾਮ ਰਿਸ਼ੀ ਤੇ ਇਕਬਾਲ ਸਿੰਘ ਫਫੜੇ ਨੇ ਦੋਸ਼ ਲਾਇਆ ਕਿ ਮੰਡੀਆਂ ’ਚ ਕਿਸਾਨਾਂ ਦੀ ਬੜੀ ਮਾੜੀ ਹਾਲਤ ਹੋ ਰਹੀ ਹੈ, ਜਿਸ ਲਈ ਸਰਕਾਰ ਨੇ ਅੱਖਾਂ ਮੀਚ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦੀ ਜਿਣਸ ਖਰੀਦਣ ਲਈ ਸਰਕਾਰ ਨੇ ਦੋਗਲੀ ਨੀਤੀ ਅਪਣਾਈ ਹੋਈ ਹੈ, ਜਿਸ ਖਿਲਾਫ ਕਿਸਾਨਾਂ ਵੱਲੋਂ ਸਾਂਝਾ ਅੰਦੋਲਨ ਵਿੱਢਕੇ ਖਰੀਦ ਪ੍ਰਬੰਧਾਂ ਨੂੰ ਦਰੁੱਸਤ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਹੱਥ ‘ਤੇ ਹੱਥ ਰੱਖਕੇ ਕਿਸਾਨਾਂ ਸਮੇਤ ਹੋਰ ਵਰਗਾਂ ਦੀ ਹੋਰ ਰਹੀ ਲੁੱਟ ਦਾ ਤਮਾਸ਼ਾ ਦੇਖ ਰਹੀਆਂ ਹਨ। ਜਥੇਬੰਦੀ ਦੇ ਆਗੂ ਅਮਰੀਕ ਸਿੰਘ ਫਫੜੇ ਨੇ ਮੰਗ ਕੀਤੀ ਕਿ ਝੋਨੇ ਦੀ ਸਿਲ 22 ਪ੍ਰਤੀਸ਼ਤ ਤੱਕ ਪੂਰੇ ਮੁੱਲ ‘ਤੇ ਖਰੀਦ ਕੀਤੀ ਜਾਵੇ।