ਚੰਡੀਗੜ੍ਹ: ਜੀਰੀ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਲਈ ਪ੍ਰਤੀ ਏਕੜ ਘੱਟੋ ਘੱਟ 4500 ਰੁਪਏ ਖਰਚ ਆਉਂਦਾ ਹੈ। ਕਿਸਾਨਾ ਦਾ ਕਹਿਣਾ ਹੈ ਕਿ ਖਰਚੇ ਤੋਂ ਇਲਾਵਾ ਹਰ ਇੱਕ ਕਿਸਾਨ ਪਾਸ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਲਈ ਪੂਰੀ ਮਸੀਨਰੀ ਵੀ ਨਹੀਂ ਹੁੰਦੀ| ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਲਈ ਇੱਕ ਚੌਪਰ, ਰੇਕ, ਕਟਰ ਅਤੇ ਬੇਲਰ ਦੀ ਜ਼ਰੂਰਤ ਪੈਂਦੀ ਹੈ। ਇਸ ਮਹਿੰਗੀ ਮਸ਼ੀਨਰੀ ਨੂੰ ਲੈਣਾ ਕਿਸਾਨ ਦੇ ਵਸ ਵਿੱਚ ਨਹੀਂ ਹੁੰਦਾ ਕਿਉਂ ਕਿ ਇੱਕ ਬੇਲਰ ਦੀ ਹੀ ਕੀਮਤ ਘੱਟੋ ਘੱਟ 8 ਲੱਖ ਰੁਪਏ ਦੇ ਕਰੀਬ ਹੈ।
ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਜੇਕਰ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣਾ ਹੋਵੇ ਤਾਂ ਬਿਨਾ ਬੇਲਰ ਤੋਂ 5 ਲੱਖ ਰੁਪਏ ਤੱਕ ਦੀ ਮਸ਼ੀਨਰੀ ਚਾਹੀਦੀ ਹੈ। ਜੇਕਰ ਜੀਰੀ ਵਾਲੀ ਜ਼ਮੀਨ ਵਿੱਚ ਆਲੂ ਲਗਾਉਣੇ ਹੋਣ ਤਾਂ 60 ਲਿਟਰ ਡੀਜ਼ਲ ਪ੍ਰਤੀ ਏਕੜ ਲਗਦਾ ਹੈ।
ਜੇਕਰ ਕਣਕ ਬੀਜਣੀ ਹੋਵੇ ਤਾਂ 30 ਲਿਟਰ ਪ੍ਰਤੀ ਏਕੜ ਡੀਜ਼ਲ ਦਾ ਖਰਚ ਆਉਂਦਾ ਹੈ| ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣੋਂ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਸਰਕਾਰ ਕਿਸਾਨਾਂ ਦੀ ਮੱਦਦ ਕਰੇ ਅਤੇ ਕਿਸਾਨਾਂ ਨੂੰ ਘੱਟ ਵਿਆਜ ’ਤੇ ਜ਼ਿਆਦਾ ਸਬਸਿਡੀ ਦੇ ਕੇ ਕਿਸਾਨਾਂ ਨੂੰ ਇਹ ਮਸ਼ੀਨਰੀ (ਸੰਦ) ਖਰੀਦਣ ਲਈ ਸਿੱਧੀ ਸਬਸਿਡੀ ਮੁਹੱਈਆ ਕਰਵਾਏ।
ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਲਈ ਸਮਾਂ ਵੀ ਜ਼ਿਆਦਾ ਲੱਗਦਾ ਹੈ ਜਿਸ ਨਾਲ ਅਗਲੀ ਫਸਲ ਬੀਜਣ ਤੋਂ ਲੇਟ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਮਜਬੂਰੀ ਵਿੱਚ ਜੀਰੀ ਦੀ ਰਹਿੰਦ ਖੂੰਹਦ ਨੂੰ ਜਲਾਉਣਾ ਪੈਂਦਾ ਹੈ| ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪ੍ਰਦੂਸ਼ਣ ਰੋਕਣ ਲਈ ਇਸ ਜ਼ਮੀਨੀ ਹਕੀਕਤ ਨੂੰ ਸਮਝਣ ਦੀ ਲੋੜ ਹੈ ਤਾਂ ਜੋ ਇਸ ਸੱਮਸਿਆ ਦਾ ਸਥਾਈ ਹੱਲ ਹੋ ਸਕੇ|