ਇਹ ਮਸ਼ੀਨ ਝੋਨੇ ਦੇ ਨਾੜ ਨੂੰ ਟੁਕੜਿਆਂ ਵਿਚ ਕਟ ਕੇ ਬਿਜਾਈ ਦੇ ਨਾਲ ਸਿਆੜਾਂ ਵਿਚ ਸੁਟਣ ਉਪਰੰਤ ਪਰਾਲੀ ਨੂੰ ਪਤਲੀ ਤਹਿ ਦੇ ਰੂਪ ਵਿਚ ਦਬਾਅ ਦਿੰਦੀ ਹੈ। ਜਿਸ ਨਾਲ ਸਿਆੜਾਂ ਵਿਚਕਾਰ ਪਰਾਲੀ ਸੰਪੂਰਨ ਮਲਚ ਦੇ ਰੂਪ ਵਿਚ ਪਈ ਰਹਿੰਦੀ ਹੈ। ਇਸ ਮਲਚ ਦੇ ਹੋਣ ਕਰਕੇ ਕਣਕ ਵਿਚ ਨਦੀਨਾਂ ਦਾ ਹੱਲਾ ਵੀ ਘਟ ਹੁੰਦਾ ਹੈ। ਇਸ ਵਿਧੀ ਰਾਹੀ ਕਣਕ ਦਾ ਪੁੰਗਾਰਾ ਬਹੁਤ ਵਧੀਆ ਤੇ ਇਕਸਾਰ ਹੁੰਦਾ ਹੈ। ਇਸ ਵਿਧੀ ਵਿਚ ਝੋਨੇ ਦੇ ਖੜਾ ਪਰਾਲ ਖੇਤਾਂ ਵਿਚ ਨਾ ਹੋਣ ਕਰਕੇ ਕਣਕ ਦੇ ਬੂਟਿਆਂ ਦਾ ਮੁਢਲਾ ਵਾਧਾ ਵੀ ਇਕਸਾਰ ਅਤੇ ਬਹੁਤ ਵਧੀਆ ਹੁੰਦਾ ਹੈ।
ਇਸ ਵਿਧੀ ਰਾਹੀਂ ਬੀਜੀ ਗਈ ਕਣਕ ਜਿਮੀਂਦਾਰ ਭਰਾਵਾਂ ਨੂੰ ਪੁਰਾਣੀ ਹੈਪੀਸੀਡਰ ਤਕਨੀਕ ਦੇ ਮੁਕਾਬਲੇ ਜ਼ਿਆਦਾ ਸੰਤੁਸ਼ਟੀ ਪ੍ਰਦਾਨ ਕਰਦੀ ਹੈ। ਝੋਨੇ ਦਾ ਪੂਰਾ ਪਰਾਲ ਜ਼ਮੀਨ ਤੇ ਪਿਆ ਹੋਣ ਕਰਕੇ ਪੂਰੇ ਦਾ ਪੂਰਾ ਪਰਾਲ ਮਿੱਟੀ, ਪਾਣੀ ਅਤੇ ਹੋਰ ਖੇਤੀ ਰਸਾਇਣਾਂ ਦੇ ਸੰਪਰਕ ਆਉਣ ਕਰਕੇ ਇਕਸਾਰ ਲਗਦਾ ਹੈ।ਅਜਿਹਾ ਹੋਣ ਕਰਕੇ ਝੋਨੇ ਦੀ ਪਰਾਲੀ ਦੇ ਕੁਝ ਹਿਸੇ ਦਾ ਕਣਕ ਦੀ ਤੂੜੀ ਵਿਚ ਮਿਲਣ ਦਾ ਖਦਸ਼ਾ ਵੀ ਘਟ ਜਾਂਦਾ ਹੈ। ਹੈਪੀ ਸੀਡਰ ਦੀ ਮਸ਼ੀਨ ਨਾਲ ਕਣਕ ਦੀ ਬਿਜਾਈ ਵਧੀਆ ਤਰੀਕੇ ਨਾਲ ਹੋਵੇ ਇਸ ਲਈ ਹੇਠ ਲਿਖੀਆਂ ਗੱਲਾਂ ਦਾ ਖਿਆਲ ਰੱਖਣਾ ਜਰੂਰੀ ਹੈ :
• ਹੈਪੀ ਸੀਡਰ ਨਾਲ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਨਮੀਂ/ਗਿੱਲ ਆਮ ਵਾਹੀ ਵਾਲੀ ਕਣਕ ਦੇ ਖੇਤਾਂ ਵਿਚਲੀ ਨਮੀਂ ਦੀ ਤੁਲਨਾ ਵਿੱਚ ਵੱਧ ਹੋਣੀ ਚਾਹੀਦੀ ਹੈ।
• ਇਕ ਕਿੱਲੇ ਦੇ ਖੇਤ ਨੂੰ ਸਹੀ ਸਿੰਚਾਈ ਲਈ ਚਾਰ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ।
• ਕਣਕ ਦਾ ਬੀਜ ਸੋਧਿਆ ਹੋਇਆ ਵਰਤੋ।ਕਣਕ ਦੀ ਬਿਜਾਈ ਲਈ ਬੀਜ ਦੀ ਸਿਫਾਰਿਸ਼ ਮਾਤਰਾ ਹੀ ਵਰਤੋ ਅਤੇ ਬੀਜ ਦੀ ਡੁੰਘਾਈ ੫-੬ ਸੈਂਟੀਮੀਟਰ (ਭਾਵ ਦੋ ਇੰਚ) ਰੱਖੋ ।
• ਜੇਕਰ ਝੌਨੇ ਉਪਰ ਗੋਭ ਦੀ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਹੋਵੇ, ਤਾਂ ਉਸ ਪਰਾਲੀ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕਣਕ ਨਾ ਬੀਜੋ ।