ਚੰਡੀਗੜ੍ਹ : ਪਿਛਲੇ ਸਮੇਂ ਦੌਰਾਨ ਬਜ਼ਾਰ 'ਚ ਆਏ ਨਕਲੀ ਦਵਾਈਆਂ ਤੇ ਬੀਜ਼ਾਂ ਤੋਂ ਤੰਗ ਕਿਸਾਨਾਂ ਨੇ ਹੁਣ ਆਪਣੇ ਹੱਥੀਂ ਫਸਲਾਂ ਦੇ ਬੀਜ਼ ਬਨਾਉਣ ਦੇ ਤਰੀਕੇ ਅਪਣਾਏ ਲਏ ਹਨ। ਫਰੀਦਕੋਟ ਦੇ ਪਿੰਡ ਹਰਦਿਆਲੇਆਣਾ ਵਿਖੇ ਝੋਨੇ ਦਾ ਬੀਜ਼ ਬਨਾਇਆ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਿਸਾਨ ਐਡਵੋਕੇਟ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਆਦਾਤਰ ਝੋਨੇ ਦੀ ਵਢਾਈ ਕੰਬਾਈਨ ਨਾਲ ਹੁੰਦੀ ਹੈ ਪਰ ਅਗਲੇ ਸਾਲ ਲਈ ਝੋਨੇ ਦੇ ਵਧੀਆ ਬੀਜ਼ ਲਈ ਝੋਨੇ ਦੀ ਵਢਾਈ ਹੱਥਾਂ ਨਾਲ ਕਰਕੇ ਹੱਥੀਂ ਝਾੜਿਆ ਗਿਆ। ਇਸ ਤਰਾਂ ਕਰਨ ਨਾਲ ਨਿਰੋਗ ਅਤੇ ਵਧੀਆ ਕਿਸਮ ਦੇ ਬੂਟਿਆਂ ਨੂੰ ਵੱਢਿਆ ਜਾਂਦਾ ਹੈ , ਜਿਸ ਨਾਲ ਵਧੀਆ ਬੀਜ਼ ਮਿਲਦਾ ਹੈ, ਜਿਸ ਦੀ ਉਪਜਾਊ ਸ਼ਕਤੀ ਵੀ ਜਿਆਦਾ ਹੁੰਦੀ ਹੈ ਅਤੇ ਹੋਰ ਕਿਸਮ ਦੇ ਬੀਜ਼ ਰਲਣ ਦਾ ਡਰ ਵੀ ਨਹੀ ਹੁੰਦਾ।
ਇਸ ਤਰ੍ਹਾਂ ਕਰਨ ਨਾਲ ਮਹਿੰਗੇ ਬੀਜ਼ਾਂ ਤੇ ਵੀ ਖਰਚ ਕਰਨ ਦੀ ਲੋੜ ਨਹੀਂ । ਇਸ ਮੌਕੇ ਸੰਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਰ ਕਿਸਾਨ ਨੂੰ ਆਪਣੀ ਫਸਲ ਲਈ ਘਰ ਦਾ ਬੀਜ਼ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਮਹਿੰਗੇ ਬੀਜ਼ਾਂ ਤੋਂ ਬਚਿਆ ਜਾ ਸਕੇ ਅਤੇ ਕੇਵਲ ਯੂਨੀਵਰਸਿਟੀ ਤੋਂ ਪਰਮਾਣਿਤ ਨਵੀਆਂ ਕਿਸਮਾਂ ਦੇ ਬੀਜ਼ ਹੀ ਬੀਜ਼ਣੇ ਚਾਹੀਦੇ ਹਨ । ਕਿਸਾਨਾਂ ਨੇ ਦੱਸਿਆ ਕਿ ਇਸ ਸਾਲ ਬਾਰਿਸ਼ ਝੋਨੇ ਦੀ ਫਸਲ ਦੇ ਅਨਕੂਲ ਹੋਣ ਕਾਰਨ ਅਤੇ ਬਿਜਲੀ ਦੀ ਸਪਲਾਈ ਨਿਰਵਿਗਨ 8 ਘੰਟੇ ਆਉਣ ਨਾਲ ਝੋਨੇ ਦੀ ਪੈਦਾਵਾਰ ਵਧੀਆ ਰਹਿਨ ਦੇ ਆਸਾਰ ਹਨ।