ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਤਿਆਰ ਕਰਨ ਦੇ ਪਹਿਲੇ ਪੜਾਅ ਵਿੱਚ ਹਰ ਜ਼ਿਲ੍ਹੇ ਵਿੱਚ ਪ੍ਰੋਜੈਕਟ ਸਥਾਪਤ ਹੋਣਗੇ। ਹਰ ਪ੍ਰੋਜੈਕਟ 'ਚ 30 ਲੋਕਾਂ ਦੇ ਕੰਮ ਕਰਨ 'ਤੇ 30 ਹੋਰ ਲੋਕਾਂ ਨੂੰ ਪਰਾਲੀ ਇੱਕਠੀ ਕਰਨ ਆਦਿ ਦਾ ਕੰਮ ਮਿਲੇਗਾ। ਇਹ ਜਾਣਕਾਰੀ ਸੰਪੂਰਨ ਐਗਰੀ ਵੈਂਚਰ ਪ੍ਰਾਈਵੇਟ ਲਿਮਟਿਡ (ਐਸ.ਏ.ਵੀ.ਪੀ.ਐਲ) ਦੇ ਪ੍ਰਬੰਧ ਨਿਰਦੇਸ਼ਕ ਸੰਜੀਵ ਨਾਗਪਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਕੰਪਨੀ ਦੀ 3,000 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ। ਇਸ ਨਾਲ ਬੁਨਿਆਦੀ ਢਾਂਚੇ ਤੇ ਸੀ.ਐਨ.ਜੀ. ਦੀ ਵੰਡ ਆਦਿ ਕੀਤੀ ਜਾਣੀ ਹੈ। ਇਹ ਯੋਜਨਾ ਅਗਲੇ 3 ਸਾਲਾਂ 'ਚ ਪੂਰੀ ਹੋ ਜਾਵੇਗੀ। ਹਰੇਕ ਪ੍ਰੋਜੈਕਟ 'ਚ ਰੋਜ਼ਾਨਾ 70 ਟਨ ਪਰਾਲੀ ਦੀ ਵਰਤੋਂ ਹੋਵੇਗੀ। ਹਰੇਕ 2,500 ਟਨ ਪਰਾਲੀ ਦੇ ਪ੍ਰਬੰਧਨ ਨਾਲ ਨੌਕਰੀਆਂ ਪੈਦਾ ਹੋਣਗੀਆਂ। ਇਸ ਤਰ੍ਹਾਂ ਪੰਜਾਬ ਤੇ ਹਰਿਆਣੇ 'ਚ 30 ਲੱਖ ਟਨ ਪਰਾਲੀ ਦੀ ਵਰਤੋਂ ਹੋਣ ਨਾਲ ਸਿੱਧੇ ਤੇ ਅਸਿੱਧੇ ਰੂਪ ਵਿੱਚ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ। ਜੇ.ਐਕਸ. ਐਨਰਜੀ ਇਸ ਊਰਜਾ ਕੰਪਨੀ ਦੀ ਸਹਿਯੋਗੀ ਕੰਪਨੀ ਹੈ ਜੋ ਬਾਇਓ ਤੇ ਸੀ.ਐਨ.ਜੀ ਪੌਦਿਆਂ ਦਾ ਪ੍ਰਬੰਧਨ ਤੇ ਸੰਚਾਲਨ ਕਰੇਗੀ। ਸੰਜੀਵ ਨਾਗਪਾਲ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜਨਾ ਬਿਲਕੁਲ ਬੰਦ ਕੀਤਾ ਜਾਣਾ ਚਾਹੀਦਾ ਹੈ, ਤਾਂ ਹੀ ਵਾਤਾਵਰਣ ਤੇ ਖੇਤੀ ਦਾ ਸੰਤੁਲਨ ਕਾਇਮ ਰਹਿ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਮਿੱਟੀ ਦੀ ਉਤਪਾਦਕਤਾ 'ਚ ਵਾਧਾ ਹੋ ਸਕਦਾ ਹੈ ਤੇ ਖੇਤੀ ਲਈ ਕੀੜੇਮਾਰ ਦਵਾਈਆਂ ਤੇ ਰਸਾਇਣਕ ਖਾਦਾਂ ਦੀ ਵਰਤੋਂ 'ਚ ਵੀ ਕਮੀ ਆਵੇਗੀ। ਇਸ ਨਾਲ ਪ੍ਰਦੂਸ਼ਣ ਘੱਟੇਗਾ ਤੇ ਜੈਵਿਕ ਊਰਜਾ ਦਾ ਉਤਪਾਦਨ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ 'ਚ ਏਸ਼ੀਆ ਦਾ ਪਹਿਲਾ ਬਾਇਓਗੈਸ ਆਧਾਰਤ ਬਿਜਲੀ ਘਰ ਆਈ.ਆਈ.ਟੀ ਦਿੱਲੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਸ 'ਚ 100 ਫੀਸਦੀ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਥੇ 10 ਟਨ ਪਰਾਲੀ ਨਾਲ ਕਰੀਬ 4,000 ਘਣ ਮੀਟਰ ਬਾਇਓਗੈਸ ਪੈਦਾ ਹੁੰਦੀ ਹੈ ਜਿਸ ਨਾਲ ਇੱਕ ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।