ਚੰਡੀਗੜ੍ਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਫਰੀਕਨ ਸਰ੍ਹੋਂ ਦੀ ਨਵੀਂ ਕਿਸਮ PC-6 ਸਾਲ 2016 ਵਿੱਚ ਜ਼ਾਰੀ ਕੀਤੀ ਹੈ। ਇਸ ਦਾ ਔਸਤਨ ਝਾੜ 7.70 ਕੁਇੰਟਲ ਪ੍ਰਤੀ ਏਕੜ ਹੈ। ਯੂਨੀਵਰਸਿਟੀ ਦੇ ਖੋਜ ਤਜ਼ਰਬੇ ਵਿੱਚ ਇਸ ਕਿਸਮ ਨੇ 13 ਕੁਇੰਟਲ ਪ੍ਰਤੀ ਏਕੜ ਅਤੇ ਪਿਛਲੇ ਸਾਲ ਕਿਸਾਨ ਦੇ ਖੇਤਾ ਵਿੱਚ ਕਰਵਾਏ ਗਏ 21 ਖੋਜ ਤਜ਼ਰਬਿਆਂ ਵਿੱਚ ਇਸ ਕਿਸਮ ਨੇ 10.4 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ।
ਇਹ ਇੱਕਸਾਰ ਪੱਕਣ ਵਾਲੀ ਸੰਸਾਰ ਦੀ ਪਹਿਲੀ ਸਰ੍ਹੋਂ ਜਾਤੀ ਦੀ ਇੱਕ ਵਿਲੱਖਣ ਕਿਸਮ ਹੈ। ਇਸਦੀਆਂ ਫਲੀਆਂ ਪੌਦੇ ਦੇ ਉਪਰਲੇ ਹਿੱਸੇ ਤੇ ਹੀ ਲੱਗਦੀਆਂ ਹਨ ਅਤੇ ਸਾਰੀਆ ਫਲੀਆਂ ਇਕ ਸਮੇਂ ਤੇ ਹੀ ਪੱਕ ਜਾਂਦੀਆ ਹਨ। ਇਹਨਾਂ ਕਾਰਨਾਂ ਕਰਕੇ ਇਸ ਨੂੰ ਕੰਬਾਇਨ ਨਾਲ ਵੱਢਿਆ ਜਾ ਸਕਦਾ ਹੈ। ਇਹ ਇੱਕ ਦਰਮਿਆਨੇ ਕੱਦ ਵਾਲੀ ਕਿਸਮ ਹੈ ਅਤੇ ਇਸ ਦੀਆ ਫਲੀਆਂ ਕਿਰਦੀਆ ਨਹੀਂ। PC-6 ਵਿੱਚ ਤੇਲ ਦੀ ਮਾਤਰਾ ਜ਼ਿਆਦਾ (40%) ਹੋਣ ਦੇ ਨਾਲ ਤੇਲ ਦੀ ਗੁਣਵੱਤਾ ਵੀ ਵਧੀਆ ਹੈ।
ਇਸ ਵਿੱਚ ਔਲਿਕ ਐਸਿਡ ਦੀ ਮਾਤਰਾ ਆਮ ਸਰ੍ਹੋਂ ਨਾਲੋਂ ਜ਼ਿਆਦਾ ਹੈ। ਔਲਿਕ ਐਸਿਡ ਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਖੂਨ ਵਿੱਚ ਹਾਨੀਕਾਰਕ ਕਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ। ਕਿਸਨਾਂ ਨੂੰ ਆਪਣੇ ਘਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਰ੍ਹੋਂ ਦੀ ਖੇਤੀ ਕਰਨ ਦੀ ਸਲਾਹ ਦਿੱਤੀ ਜਾਦੀ ਹੈ। ਇਸ ਦੇ ਤੇਲ ਨੂੰ ਆਮ ਕੋਹਲੂ ਵਿੱਚ ਪੀਹੜਿਆ ਜਾ ਸਕਦਾ ਹੈ। ਇਸ ਦੇ ਬੀਜਾਂ ਨੂੰ ਆਮ ਕੋਹਲੂ ਦੇ ਵਿੱਚ ਪੀਸਣ ਤੇ ਵੀ ਇਸ ਦੇ ਤੇਲ ਦੀ ਗੁਣਵੱਤਾ ਨੂੰ ਵੀ ਕੋਈ ਫਰਕ ਨਹੀਂ ਪੈਂਦਾ। ਇਸ ਕਿਸਮ ਵਿੱਚ ਜ਼ਰੂਰੀ ਫੈਟੀਐਸਿਡ ਲਿਨ-ਔਲਿਕ ਐਸਿਡ ਵੀ ਮੌਜ਼ੂਦ ਹੈ। ਮਨੁੱਖੀ ਸਰੀਰ ਵਿੱਚ ਕਾਰਡੀਓ-ਵੈਸਕੁਲਰ, ਜਣਨ, ਇਮਿਊਨ ਅਤੇ ਦਿਮਾਗੀ ਵਿਕਾਸ ਲਈ ਇਸ ਫੈਟੀਐਸਿਡ ਦੀ ਲੋੜ ਹੈ।
ਇਹ ਕਿਸਮ ਚਿੱਟੀ ਕੁੰਗੀ ਤੋਂ ਰਹਿਤ ਹੋਣ ਦੇ ਨਾਲ-ਨਾਲ ਝੁਲਸ ਰੋਗ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ। ਇਸ ਕਿਸਮ ਤੇ ਸਰ੍ਹੋਂ ਦੇ ਚੇਪੇ ਦਾ ਹਮਲਾ ਬਾਕੀ ਸਰ੍ਹੋਂ ਦੀਆਂ ਕਿਸਮਾਂ ਨਾਲੋਂ ਘੱਟ ਹੁੰਦਾ ਹੈ। ਇਸ ਦੀ ਬਿਜਾਈ ਵਿੱਚ ਦੇਰੀ ਕਰਨ ਨਾਲ ਇਸ ਦੇ ਝਾੜ ਤੇ ਮਾੜਾ ਅਸਰ ਪੈਂਦਾ ਹੈ, ਇਸ ਲਈ ਕਿਸਾਨਾਂ ਨੂੰ ਇਸ ਦੀ ਬਿਜਾਈ ਅਕਤੂਬਰ ਦੇ ਦੂਸਰੇ ਤੋਂ ਤੀਸਰੇ ਹਫਤੇ ਵਿੱਚ ਕਰ ਲੈਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਐੱਸ ਕੇ ਸੰਧੂ, ਪਲਾਂਟ ਬਰੀਡਿੰਗ ਅਤੇ ਜੇਨੈਟਿਕਸ ਵਿਭਾਗ (ਮੋਬਾਇਲ ਨੰ. 81462-38432) ਸੰਪਰਕ ਕੀਤਾ ਜਾ ਸਕਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin