ਚੰਡੀਗੜ੍ਹ: ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਨਦੀਨਾਂ ਦੀ ਰੋਕਥਾਮ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ । ਪਹਿਲਾਂ ਜਦੋਂ ਨਦੀਨ ਨਾਸ਼ਕ ਨਹੀਂ ਸੀ ਹੁੰਦੇ ਤਾਂ ਅਸੀਂ ਨਦੀਨਾਂ ਨੂੰ ਹੱਥੀਂ ਪੁੱਟ ਕੇ ਜਾਂ ਬਦਲਵੀਂਆਂ ਫ਼ਸਲਾਂ ਬੀਜ ਕੇ ਜਾਂ ਹੋਰ ਕਈ ਢੰਗ ਤਰੀਕਿਆਂ ਰਾਹੀਂ ਇਨ੍ਹਾਂ ਦੀ ਰੋਕਥਾਮ ਕਰ ਲੈਂਦੇ ਸੀ ਪਰ ਨਦੀਨ ਨਾਸ਼ਕਾਂ ਦੇ ਆਉਣ ਨਾਲ ਅਸੀਂ ਹੱਥੀਂ ਮਿਹਨਤ ਘਟਾ ਕੇ ਨਦੀਨ ਨਾਸ਼ਕਾਂ ਰਾਹੀਂ ਨਦੀਨਾਂ ਦੀ ਰੋਕਥਾਮ ਕਰਨ ਵਾਲੇ ਪਾਸੇ ਤੁਰ ਪਏ।


ਅੱਜ ਸੂਬੇ ਭਰ ਵਿੱਚ ਵਰਤੀਆਂ ਜਾਣ ਵਾਲੀਆਂ ਰਸਾਇਣਾਂ ਦਾ ਲਗਭਗ ਅੱਧਾ ਹਿੱਸਾ ਇਸੇ ਲੇਖੇ ਲੱਗ ਜਾਂਦਾ ਹੈ । ਪੰਜਾਹ ਸਾਲ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਇਨ੍ਹਾਂ ਨਦੀਨ ਨਾਸ਼ਕਾਂ ਨੂੰ ਵਰਤਦਿਆਂ ਪਰ ਨਦੀਨਾਂ ਦੀ ਸਮੱਸਿਆ ਅੱਜ ਵੀ ਉਸੇ ਤਰ੍ਹਾਂ ਹੀ ਹੈ । ਸਾਡੇ ਖੇਤਾਂ ਵਿੱਚ ਮੌਜੂਦ ਅਨੇਕਾਂ ਤਰ੍ਹਾਂ ਦੇ ਨਦੀਨਾਂ ਉੱਤੇ ਪੂਰਾ ਕਾਬੂ ਪਾਉਣ ਵਿੱਚ ਇਹ ਨਦੀਨ-ਨਾਸ਼ਕ ਸਫ਼ਲ ਨਹੀਂ ਹੋ ਸਕੇ ਕਿਉਂਕਿ ਨਦੀਨ-ਨਾਸ਼ਕਾਂ ਦੇ ਛਿੜਕਾਅ ਮਗਰੋਂ ਬਚੇ ਹੋਏ ਨਦੀਨ ਜਦੋਂ ਪੁੰਗਰਦੇ ਹਨ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਹੋਰ ਬੀਜ ਪੈਦਾ ਹੋ ਜਾਂਦੇ ਹਨ। ਜਿਸ ਕਰਕੇ ਨਦੀਨਾਂ ਦੀ ਸਮੱਸਿਆ ਸਾਲਾਂ ਤੱਕ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ ।


ਨਦੀਨਾਂ ਦੇ ਇਨ੍ਹਾਂ ਬੂਟਿਆਂ ਨੂੰ ਬੀਜ ਪੈਦਾ ਕਰਨ ਤੋਂ ਪਹਿਲਾਂ ਹੀ ਪੁੱਟ ਦੇਣਾ ਜ਼ਰੂਰੀ ਹੈ । ਇਹ ਕਾਰਜ ਹਰ ਕਿਸਾਨ ਵੀਰ ਬੜੀ ਅਸਾਨੀ ਨਾਲ ਕਰ ਸਕਦਾ ਹੈ ਅਤੇ ਇਉਂ ਨਿਰੰਤਰ ਕਰਨ ਨਾਲ ਨਦੀਨਾਂ ਦੀ ਸਮੱਸਿਆ ਘਟੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਨਦੀਨ ਨਾਸ਼ਕਾਂ ਦੀ ਲੋੜ ਤੇ ਵੀ ਠੱਲ੍ਹ ਪਵੇਗੀ । ਸੋ ਫ਼ਸਲਾਂ ਦੇ ਝਾੜ ਉੱਤੇ ਨਦੀਨਾਂ ਦੇ ਅਸਰ ਨੂੰ ਘਟਾਉਣ ਲਈ ਸਾਨੂੰ ਸਯੁੰਕਤ ਨਦੀਨ ਪ੍ਰੰਬਧਨ ਪ੍ਰਣਾਲੀ ਦੇ ਮੁਤਾਬਕ ਰਵਾਇਤੀ ਢੰਗਾਂ ਨੂੰ ਅਪਣਾਉਣ, ਮਸ਼ੀਨਰੀ ਦੀ ਵਰਤੋਂ ਕਰਨ ਅਤੇ ਲੋੜ ਅਨੁਸਾਰ ਰਸਾਇਣਕ ਢੰਗ ਤਰੀਕੇ ਅਪਣਾਉਣ ਦੀ ਸਖ਼ਤ ਲੋੜ ਹੈ।


ਨਦੀਨਾਂ ਦੀ ਰੋਕਥਾਮ ਲਈ ਸਾਨੂੰ ਸ਼ੁਰੂਆਤ, ਗੈਰ ਰਸਾਇਣਕ ਢੰਗ ਤਰੀਕਿਆਂ ਤੋਂ ਹੀ ਕਰਨੀ ਚਾਹੀਦੀ ਹੈ ਜਿਵੇਂ ਕਿ ਝੋਨੇ ਦੀ ਖੜ੍ਹੇ ਮੁੱਢਾਂ ਵਿੱਚ ਹੈਪੀਸੀਡਰ ਨਾਲ ਕਣਕ ਦੀ ਅਗੇਤੀ ਬਿਜਾਈ ਕਰਨ ਨਾਲ ਗੁੱਲੀ-ਡੰਡੇ ਵਰਗੇ ਨਦੀਨ ਘੱਟ ਤੋਂ ਘੱਟ ਪੁੰਗਰਨਗੇ ਅਤੇ ਇਸ ਤਰ੍ਹਾਂ ਕਣਕ ਵਿੱਚ ਨਦੀਨਨਾਸ਼ਕਾਂ ਦੇ ਛਿੜਕਾਅ ਦੀ ਲੋੜ ਘਟੇਗੀ । ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੀ ਏ ਯੂ, ਲੁਧਿਆਣਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904