ਨਵੀਂ ਦਿੱਲੀ: ਨਰੇਂਦਰ ਮੋਦੀ 24 ਫਰਵਰੀ ਦਿਨ ਐਤਵਾਰ ਨੂੰ ਆਪਣਾ ਬਜਟ ਐਲਾਨ ਪੂਰਾ ਕਰਨ ਲਈ 'ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ' (ਪੀਐਮ-ਕਿਸਾਨ) ਯੋਜਨਾ ਦੀ ਸ਼ੁਰੂਆਤ ਕਰਨਗੇ। 75 ਹਜ਼ਾਰ ਕਰੋੜ ਰੁਪਏ ਦੀ ਇਸ ਯੋਜਨਾ ਦੇ ਪਹਿਲਾ ਪੜਾਅ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਤੋਂ ਕੀਤੀ ਜਾਵੇਗੀ, ਜਿਸ ਦੇ ਪਹਿਲੇ ਪੜਾਅ ਤਹਿਤ ਯੂਪੀ ਦੇ ਗੋਰਖਪੁਰ ਤੋਂ ਇੱਕ ਕਰੋੜ ਕਿਸਾਨਾਂ ਨੂੰ ਦੋ-ਦੋ ਹਜ਼ਾਰ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੇ ਜਾਣਗੇ।

ਮੋਦੀ ਸਰਕਾਰ ਨੇ ਸਾਲ 2019-20 ਦਾ ਅੰਤਰਿਮ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਸੀ ਕਿ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਛੇ-ਛੇ ਹਜ਼ਾਰ ਰੁਪਏ ਦੀ ਸਿੱਧੀ ਸਹਾਇਤਾ ਭੇਜੇਗੀ। ਇਹ ਯੋਜਨਾ ਇਸੇ ਸਾਲ ਤੋਂ ਲਾਗੂ ਕੀਤੀ ਗਈ ਹੈ, ਇਸ ਲਈ ਮਾਰਚ ਤੋਂ ਪਹਿਲਾਂ ਯੋਜਨਾ ਲਾਗੂ ਕਰਨੀ ਤੇ ਪਹਿਲੀ ਕਿਸ਼ਤ ਜਾਰੀ ਕਰਨੀ ਲਾਜ਼ਮੀ ਸੀ।

ਕੇਂਦਰੀ ਖੇਤੀ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਆਮਦਨ ਸਮਰਥਨ ਯਕੀਨੀ ਕਰਨ ਲਈ ਪੀਐਮ-ਕਿਸਾਨ ਜਾਰੀ ਕੀਤੀ ਗਈ ਹੈ। ਇਸ ਯੋਜਨਾ ਤਹਿਤ ਦੋ ਹੈਕਟੇਅਰ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਸਾਲਾਨਾ ਛੇ ਹਜ਼ਾਰ ਰੁਪਏ ਦੀ ਸਮਰਥਨ ਰਾਸ਼ੀ ਦਿੱਤੀ ਜਾਵੇਗੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 24 ਫਰਵਰੀ ਨੂੰ 14 ਸੂਬਿਆਂ ਦੇ ਇੱਕ ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਰਾਸ਼ੀ ਭੇਜੀ ਜਾਵੇਗੀ। ਇਸ ਤੋਂ ਦੋ-ਤਿੰਨ ਦਿਨ ਬਾਅਦ 28 ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਇਸੇ ਸਕੀਮ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾਵੇਗੀ।