ਚੰਡੀਗੜ੍ਹ: ਪੰਜਾਬ ਵਿੱਚ ਪੋਸਤ ਦੀ ਖੇਤੀ ਸ਼ੁਰੂ ਲਈ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋ ਗਈਆਂ ਹਨ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਇਸ ਦੀ ਲੰਮੇ ਸਮੇਂ ਤੋਂ ਵਕਾਲਤ ਕਰਦੇ ਆ ਰਹੇ ਹਨ। ਹੁਣ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਵੀ ਇਸ ਲਈ ਝੰਡਾ ਚੁੱਕਿਆ ਹੈ।
ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਖਸ-ਖਸ ਦੀ ਖੇਤੀ ਕਰਨ ਦੀ ਮਾਨਤਾ ਦੇਣ ਲਈ ਪੰਜਾਬ ਸਰਕਾਰ ਨੂੰ ਤੁਰੰਤ ਵਿਧਾਨ ਸਭਾ ਵਿੱਚ ਮਤਾ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 7 ਮਾਰਚ ਨੂੰ ਹਜ਼ਾਰਾਂ ਕਿਸਾਨ ਚੰਡੀਗੜ੍ਹ ਵਿੱਚ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੈਂਕੜੇ ਆਵਾਰਾ ਪਸ਼ੂ ਤੇ ਕੁੱਤੇ ਸੌਂਪਣਗੇ, ਉੱਥੇ ਖਸ-ਖਸ ਦੀ ਖੇਤੀ ਦੇ ਫਾਰਮ ਵੀ ਸੌਂਪੇ ਜਾਣਗੇ।
ਉਨ੍ਹਾਂ ਦੱਸਿਆ ਕਿ ਦੇਸ਼ ਦੇ 14 ਰਾਜਾਂ ਵਿੱਚ ਪਹਿਲਾਂ ਹੀ ਖਸ-ਖਸ ਦੀ ਖੇਤੀ ਹੋ ਰਹੀ ਹੈ ਜਿਸ ਤੋਂ ਅਫ਼ੀਮ ਬਣਦੀ ਹੈ ਤੇ 80 ਫੀਸਦੀ ਅਫੀਮ ਬਾਹਰੋਂ ਲਿਆ ਕੇ ਦਵਾਈਆਂ ਵਿੱਚ ਪਾਈ ਜਾਂਦੀ ਹੈ ਪਰ ਜੇ ਪੰਜਾਬ ਦੇ ਕਿਸਾਨਾਂ ਨੂੰ ਖਸ-ਖਸ ਦੀ ਖੇਤੀ ਕਰਨ ਲਈ ਮਾਨਤਾ ਮਿਲ ਜਾਵੇ ਤਾਂ ਅਫੀਮ ਬਾਹਰੋਂ ਨਹੀਂ ਮੰਗਵਾਉਣੀ ਪਵੇਗੀ। ਇਸ ਨਾਲ ਕਿਸਾਨੀ ਨੂੰ ਆਰਥਿਕ ਹੁਲਾਰਾ ਮਿਲੇਗਾ ਤੇ ਸਰਕਾਰ ਦਾ ਮਾਲੀਆ ਵੀ ਵਧੇਗਾ।