ਨਵੀਂ ਦਿੱਲੀ: ਮੋਦੀ ਸਰਕਾਰ 24 ਫਰਵਰੀ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਤਹਿਤ ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਸਿੱਧੀ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਭੇਜ ਸਕਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਤਕਰੀਬਨ ਇੱਕ ਕਰੋੜ ਕਿਸਾਨਾਂ ਦੇ ਖ਼ਾਤਿਆਂ ਵਿੱਚ ਪੈਸੇ ਭੇਜੇ ਜਾਣਗੇ। ਯਾਦ ਰਹੇ ਕਿ ਹਾਲ ਹੀ ਵਿੱਚ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਅੰਤ੍ਰਿਮ ਬਜਟ ਵਿੱਚ ਇਸ ਯੋਜਨਾ ਦਾ ਐਲਾਨ ਕੀਤਾ ਸੀ।
ਕਿਸਾਨਾਂ ਦੀ ਵਧਦੀ ਨਾਰਾਜ਼ਗੀ ਨੂੰ ਵੇਖਦਿਆਂ ਮੋਦੀ ਸਰਕਾਰ ਨੇ ਅੰਤ੍ਰਿਮ ਬਜਟ ਵਿੱਚ ਕਿਸਾਨਾਂ ਨੂੰ ਸਿੱਧਾ ਪੈਸੇ ਭੇਜਣ ਦਾ ਫੈਸਲਾ ਕੀਤਾ ਸੀ। ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਦੀ ਯੋਜਨਾ ਨੂੰ ‘ਚੁਣਾਵੀ ਲਾਲੀਪਾਪ’ ਕਰਾਰ ਦਿੱਤਾ ਹੈ।
ਇਸ ਯੋਜਨਾ ਦੇ ਤਹਿਤ ਸਾਲ ਵਿੱਚ ਤਿੰਨ ਕਿਸ਼ਤਾਂ ਵਿੱਚ 2-2 ਹਜ਼ਾਰ ਰੁਪਏ ਕਿਸਾਨਾਂ ਦੇ ਖ਼ਾਤੇ ਵਿੱਚ ਭੇਜੇ ਜਾਣਗੇ। ਯੋਜਨਾ ਪਹਿਲੀ ਦਸੰਬਰ 2018 ਤੋਂ ਲਾਗੂ ਕੀਤੀ ਗਈ ਹੈ। ਸੰਭਾਵਨਾ ਹੈ ਕਿ ਕਿਸਾਨਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਦੋ ਕਿਸ਼ਤਾਂ ਵਿੱਚ ਚਾਰ ਹਜ਼ਾਰ ਰੁਪਏ ਮਿਲ ਜਾਣਗੇ। ਇਸ ਨਾਲ ਸਰਕਾਰ ਨੂੰ ਚੋਣਾਂ ਵਿੱਚ ਫਾਇਦਾ ਮਿਲ ਸਕਦਾ ਹੈ।