ਨਵੀਂ ਦਿੱਲੀ: ਫ਼ੀਫ਼ਾ ਜੂਨੀਅਰ ਵਿਸ਼ਵ ਕੱਪ 'ਚ ਦੁਨੀਆਂ ਭਰ ਤੋਂ ਜੁਟੇ ਖਿਡਾਰੀਆਂ, ਕੋਚ ਅਤੇ ਦਰਸ਼ਕਾਂ ਲਈ ਦਿੱਲੀ ਦੀ ਦਮਘੋਟੂ ਹਵਾ ਤੋਂ ਪੈਦਾ ਸਮੱਸਿਆ 'ਤੇ ਹਰਕਤ 'ਚ ਆਈ ਸਰਕਾਰ ਨੇ ਮੰਨਿਆ ਹੈ ਕਿ ਪੰਜਾਬ 'ਚ ਪਰਾਲੀ ਸਾੜਨ ਅਤੇ ਦਿੱਲੀ 'ਚ ਰਾਖ ਅਤੇ ਧੂੜ 'ਤੇ ਕਾਬੂ ਨਾ ਹੋਣ ਸਕਣ ਕਰ ਕੇ ਸੰਕਟ ਵਧਦਾ ਜਾ ਰਿਹਾ ਹੈ।

ਸੋਮਵਾਰ ਨੂੰ ਡਾ. ਹਰਸ਼ਵਰਧਨ ਨੇ ਪੰਜ ਸੂਬਿਆਂ ਦੇ ਵਾਤਾਵਰਣ ਮੰਤਰੀਆਂ ਅਤੇ ਅਧਿਕਾਰੀਆਂ ਦੀ ਹੰਗਾਮੀ ਬੈਠਕ ਸੱਦ ਕੇ ਪੰਜਾਬ ਅਤੇ ਦਿੱਲੀ ਸਰਕਾਰ ਨੂੰ ਅਚਨਚੇਤ ਜਾਂਚ ਮੁਹਿੰਮ ਚਲਾਉਣ ਅਤੇ ਇਸ ਦੀ ਨਿਯਮਿਤ ਰੀਪੋਰਟ ਮੰਤਰਾਲੇ ਨੂੰ ਭੇਜਣ ਨੂੰ ਕਿਹਾ ਹੈ।

ਬੈਠਕ 'ਚ ਮੌਜੂਦ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੰਜਾਬ 'ਚ ਕਿਸਾਨਾਂ ਵਲੋਂ ਪਰਾਲੀ ਸਾੜਨ ਉਤੇ ਅਸਰਦਾਰ ਰੋਕ ਨਹੀਂ ਲੱਗ ਸਕਣ 'ਤੇ ਬੈਠਕ 'ਚ ਚਿੰਤਾ ਪ੍ਰਗਟਾਈ ਗਈ। ਨਾਲ ਹੀ ਦਿੱਲੀ 'ਚ ਉਸਾਰੀ ਕਾਰਜਾਂ ਤੋਂ ਨਿਕਲਣ ਵਾਲੀ ਧੂੜ ਨੂੰ ਰੋਕਣ ਲਈ ਕੀਤੇ ਉਪਾਅ ਨੂੰ ਨਾਕਾਫ਼ੀ ਦਸਦਿਆਂ ਵੱਡੇ ਪ੍ਰਾਜੈਕਟਾਂ ਉਤੇ ਅਸਥਾਈ ਰੋਕ ਲਾਉਣ ਸਮੇਤ ਹੋਰ ਬਦਲਾਂ ਉਤੇ ਵਿਚਾਰ ਕਰ ਕੇ ਸ਼ੁਕਰਵਾਰ ਨੂੰ ਸੱਦੀ ਸਮੀਖਿਆ ਬੈਠਕ 'ਚ ਰੀਪੋਰਟ ਮੰਗੀ ਹੈ। ਇਸ ਬਾਬਤ ਜੰਗਲਾਤ ਅਤੇ ਵਾਤਾਵਰਣ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਪੰਜਾਬ ਸਰਕਾਰਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਨਿਰਧਾਰਤ ਮਾਨਕਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨ ਨੂੰ ਕਿਹਾ ਹੈ।