ਜਲੰਧਰ/ਚੰਡੀਗੜ੍ਹ: ਕੇਂਦਰ ਸਰਕਾਰ ਦੀ ਨੋਟਬੰਦੀ ਕਾਰਨ ਜਿੱਥੇ ਸਨਅਤ ਦੇ ਵਪਾਰੀ ਰੋ ਰਹੇ ਹਨ, ਉੱਥੇ ਹੀ ਆਲੂ ਕਿਸਾਨਾਂ 'ਤੇ ਵੀ ਇਸ ਦੀ ਭਾਰੀ ਮਾਰ ਪਈ ਹੈ। ਪੰਜਾਬ ਵਿੱਚ ਆਲੂਆਂ ਦੀ ਸਭ ਤੋਂ ਵੱਧ ਪੈਦਾਵਾਰ ਦੁਆਬਾ ਖੇਤਰ ਵਿੱਚ ਹੁੰਦੀ ਹੈ।
ਦੁਆਬਾ ਖੇਤਰ ਵਿੱਚ ਪੋਟੈਟੋ ਐਸੋਸੀਏਸ਼ਨ ਦੇ ਆਗੂ ਜਸਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਨੋਟਬੰਦੀ ਤੋਂ ਪਹਿਲਾਂ ਆਲੂ 40 ਰੁਪਏ ਕਿੱਲੋ ਵਿਕਿਆ ਸੀ ਪਰ ਇਸ ਤੋਂ ਬਾਅਦ ਤਾਂ ਇਹ ਲਾਗਤ ਤੋਂ ਵੀ ਘੱਟ ਰੇਟ 'ਤੇ ਵਿੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਤ ਇਹ ਹੈ ਕਿ ਨੋਟਬੰਦ ਤੋਂ ਬਾਅਦ ਆਲੂ ਦੀ ਫਸਲ ਨਹੀਂ ਵਿਕੀ। ਇਸ ਕਾਰਨ ਉਨ੍ਹਾਂ ਨੂੰ ਅਗਲੀ ਫਸਲ ਦੀ ਚਿੰਤਾ ਸਤਾ ਰਹੀ ਹੈ।
ਉਨ੍ਹਾਂ ਕਿਹਾ ਕਿ ਗੁਜਰਾਤ ਤੇ ਯੂਪੀ ਸਰਕਾਰ ਨੇ ਤਾਂ ਆਲੂ ਉਤਪਾਦਕਾਂ ਨੂੰ ਸਬਸਿਡੀ ਦਿੱਤੀ ਪਰ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਕਿਸਾਨਾਂ ਨਾਲ ਖੜ੍ਹ ਕੇ ਮੋਦੀ ਸਰਕਾਰ ਖਿਲਾਫ ਸੰਘਰਸ਼ ਦੇ ਮੈਦਾਨ ਵਿੱਚ ਉੱਤਰਨ ਤਾਂ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ।