ਚੰਡੀਗੜ੍ਹ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੇ ਬਿਲਿੰਗ ਡੇਅਰੀ ਫਾਰਮ ਵੱਲੋਂ ਮੋਹਰਾ ਨਸਲ ਦਾ ਝੋਟਾ ਜਿਸ ਦਾ ਨਾਮ ਸੂਰਬੀਰ ਹੈ, 21 ਲੱਖ ਰੁਪਏ ਦਾ ਆਂਧਰਾ ਦੀ ਇੱਕ ਕੰਪਨੀ ਨੂੰ ਵੇਚਿਆ ਗਿਆ। ਖਰੀਦਣ ਵਾਲੀ ਇਹ ਕੰਪਨੀ ਮੱਝਾਂ ਦੇ ਮਨਸੂਈ ਗਰਭਦਾਨ ਲਈ ਸੀਮਨ ਦਾ ਕਾਰੋਬਾਰ ਕਰਦੀ ਹੈ।

ਸੂਰਬੀਰ ਦੇ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੂਰਬੀਰ ਰਾਸ਼ਟਰੀ ਪੱਧਰ ਦੇ ਮਸ਼ਹੂਰ ਝੋਟੇ ਖ਼ਲੀ ਦਾ ਬੱਚਾ ਹੈ ਜੋ 3 ਵਾਰ ਰਾਸ਼ਟਰੀ ਚੈਂਪੀਅਨਸ਼ਿਪ ਰਹੀ ਮੱਝ ਕ੍ਰਾਂਤੀ ਦੀ ਕੁੱਖ ਤੋਂ ਪੈਦਾ ਹੋਇਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਮੱਝ ਕ੍ਰਾਂਤੀ ਦਾ ਇੱਕ ਦਿਨ ਵਿੱਚ 27 ਲੀਟਰ ਦੁੱਧ ਦੇਣ ਦਾ ਰਿਕਾਰਡ ਹੈ।

ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਪੀ.ਡੀ.ਐਫ.ਏ ਵੱਲੋਂ ਜਗਰਾਉਂ ਵਿੱਚ ਪਸ਼ੂਆਂ ਦੇ ਕਰਵਾਏ ਗਏ ਮੁਕਾਬਲੇ ਵਿੱਚੋਂ ਸੂਰਬੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ। ਇਹ ਸਟੇਟ ਪੱਧਰ ਉੱਤੇ ਵੀ ਅਨੇਕਾਂ ਇਨਾਮ ਜਿੱਤ ਚੁੱਕਿਆ ਹੈ। ਉਸ ਨੇ ਦੱਸਿਆ ਕਿ ਸੂਰਬੀਰ ਜਿਸ ਨੂੰ ਪੰਜਵਾਂ ਸਾਲ ਲੱਗਿਆ ਹੋਇਆ ਹੈ, ਦੇ ਸਿੰਗ ਪੂਰੇ ਕੁੰਡੇ ਹਨ ਤੇ ਪੂਰੇ ਕੱਦ ਕਾਠ ਦਾ ਹੋਣ ਕਾਰਨ ਸੀਮਨ ਦਾ ਕੰਮ ਕਰਨ ਵਾਲੀਆਂ ਕਈ ਕੰਪਨੀਆਂ ਇਸ ਨੂੰ ਖ਼ਰੀਦਣ ਦੀਆਂ ਇੱਛੁਕ ਸਨ।

ਝੋਟਾ ਮਾਲਕ ਨੇ ਦੱਸਿਆ ਕਿ ਸੂਰਬੀਰ ਨੂੰ ਵੇਚਣ ਦਾ ਕਾਰਨ ਉਨ੍ਹਾਂ ਕੋਲ ਇਸ ਦੇ ਬੱਚੇ ਮਹਾਂਬਲੀ ਜੋ ਰਾਸ਼ਟਰੀ ਚੈਂਪੀਅਨ ਰਹੀ ਮੱਝ ਬੀਬੋ ਦਾ ਬੱਚਾ ਹੈ, ਦਾ ਤਿਆਰ ਹੋ ਜਾਣਾ ਹੈ। ਉਸ ਦੱਸਿਆ ਕਿ ਮਹਾਂਬਲੀ ਝੋਟਾ ਡੀਲ ਡੌਲ਼ ਤੇ ਦਿੱਖ ਪੱਖੋਂ ਬਹੁਤ ਬਿਹਤਰ ਹੈ। ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸੂਰਬੀਰ ਪੰਜਾਬ ਦਾ ਸਭ ਤੋਂ ਮਹਿੰਗਾ ਝੋਟਾ ਬਣ ਗਿਆ ਹੈ ਜੋ 21 ਲੱਖ ਰੁਪਏ ਵਿੱਚ ਵਿਕਿਆ ਹੈ। ਜ਼ਿਕਰਯੋਗ ਹੈ ਕਿ ਮੱਝਾਂ ਦੀ ਨਸਲ ਸੁਧਾਰ ਲਈ ਰਾਸ਼ਟਰੀ ਪੱਧਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਮਸ਼ਹੂਰ ਹੈ।