ਸੰਗਰੂਰ: ਪਿੰਡ ਕਹੇਰੂ ਦਾ ਕਿਸਾਨ ਇੰਦਰਪਾਲ ਸਿੰਘ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਉਹ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਇਕੱਠੀ ਕਰਕੇ ਵੇਚਕੇ ਜਿੱਥੇ ਕਮਾਈ ਕਰ ਰਿਹਾ ਹੈ, ਉੱਥੇ ਹੀ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਅ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸ ਦਾ ਚਾਰ ਹਜ਼ਾਰ ਟਨ ਝੋਨੇ ਦੀ ਪਰਾਲੀ ਇਕੱਠਾ ਕਰਨ ਦਾ ਟੀਚਾ ਹੈ। ਇਹ ਅਗਾਂਹਵਧੂ ਕਿਸਾਨ ਪਰਾਲੀ ਨੂੰ ਇਕੱਠੀ ਕਰਕੇ ਉਸ ਨੂੰ ਵੱਖ-ਵੱਖ ਥਾਵਾਂ ਉੱਤੇ ਲੋੜਵੰਦਾਂ ਨੂੰ ਵੇਚ ਦਿੰਦਾ ਹੈ।

ਇੰਦਰਪਾਲ ਇੱਕ ਵਿਸ਼ੇਸ਼ ਤਕਨੀਕ ਨਾਲ ਲੋਕਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰ ਰਿਹਾ ਹੈ। ਇਸ ਕਾਰਨ ਬਹੁਤੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇੰਦਰਪਾਲ ਦਾ ਕਹਿਣਾ ਹੈ ਕਿ ਇਸ ਕਾਰਜ ਨਾਲ ਵਾਤਾਵਰਣ ਨੁਕਸਾਨ ਹੋਣ ਤੋਂ ਤਾਂ ਬਚਦਾ ਹੀ ਹੈ, ਇਸ ਦੇ ਨਾਲ ਹੀ ਕਿਸਾਨ ਦੀ ਜ਼ਮੀਨ ਵੀ ਸੁਰੱਖਿਅਤ ਰਹਿੰਦੀ ਹੈ। ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਜਿਸ ਨਾਲ ਫਸਲ ਦਾ ਝਾੜ ਵਧੀਆ ਆਉਂਦਾ ਹੈ ਤੇ ਲਾਗਤ ਵਿੱਚ ਵੀ ਕਮੀ ਆਉਂਦੀ ਹੈ।

ਪਿੰਡ ਦੇ ਸਰਪੰਚ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਹਾਇਤਾ ਦੇਵੇ ਤਾਂ ਉਹ ਪਰਾਲੀ ਨੂੰ ਅੱਗ ਨਾ ਲਾਉਣ ਵਾਲੀ ਇੰਦਰਪਾਲ ਦੀ ਤਕਨੀਕ ਨੂੰ ਅਪਣਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਹੈ ਕਿ ਉਸ ਦੀ ਤਕਨੀਕ ਨਾਲ ਪ੍ਰਤੀ ਏਕੜ 2000 ਖਰਚਾ ਆਉਂਦਾ ਹੈ।